ਥਾਈਲੈਂਡ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਬੈਂਕਾਕ ਦੇ ਡਾਊਨਟਾਊਨ ਵਿੱਚ ਇੱਕ ਲਗਜ਼ਰੀ ਹੋਟਲ ਵਿੱਚ ਛੇ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ ਅਤੇ ਉਨ੍ਹਾਂ ਨੂੰ ਜ਼ਹਿਰ ਦਿੱਤੇ ਜਾਣ ਦਾ ਸ਼ੱਕ ਹੈ। ਜਾਂਚਕਰਤਾਵਾਂ ਨੇ ਕਿਹਾ ਕਿ ਲਾਸ਼ਾਂ ਦੇ ਮੂੰਹ ‘ਤੇ ਝੱਗ ਨਿਕਲ ਰਹੀ ਸੀ ਲਮਪਿਨੀ ਪੁਲਿਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਇਹ ਜਾਣਕਾਰੀ ਦਿੱਤੀ ਕਿਉਂਕਿ ਉਨ੍ਹਾਂ ਨੂੰ ਜਾਣਕਾਰੀ ਜਾਰੀ ਕਰਨ ਦਾ ਅਧਿਕਾਰ ਨਹੀਂ ਸੀ। ਬੈਂਕਾਕ ਪੁਲਿਸ ਮੁਖੀ ਲੈਫਟੀਨੈਂਟ ਜਨਰਲ ਥਿਟੀ ਸੰਗਸਵੇਂਗ ਨੇ ਮ੍ਰਿਤਕਾਂ ਦੀ ਪਛਾਣ ਦੋ ਵੇਅਤਨਾਮੀ ਅਮਰੀਕੀ ਅਤੇ ਚਾਰ ਵੇਅਤਨਾਮੀ ਨਾਗਰਿਕਾਂ ਵਜੋਂ ਕੀਤੀ ਹੈ। ਅਤੇ ਕਿਹਾ ਕਿ ਮਰਨ ਵਾਲਿਆਂ ਵਿੱਚ ਤਿੰਨ ਮਰਦ ਅਤੇ ਤਿੰਨ ਔਰਤਾਂ ਸ਼ਾਮਲ ਸਨ। ਪੁਲਿਸ ਨੇ ਕਿਹਾ ਕਿ ਮ੍ਰਿਤਕਾਂ ਦੇ ਸ਼ਰੀਰ ਦੇ ਸੰਘਰਸ਼ ਦੇ ਕੋਈ ਨਿਸ਼ਾਨ ਨਜ਼ਰ ਨਹੀਂ ਆਏ। ਉਨ੍ਹਾਂ ਨੇ ਕਿਹਾ ਕਿ ਮ੍ਰਿਤਕਾਂ ਨੇ ਮੰਗਲਵਾਰ ਨੂੰ ਜਿਸ ਹੋਟਲ ਵਿੱਚ ਉਹ ਰੁਕੇ ਹੋਏ ਸੀ ਉਥੋਂ ਚੈਕਆਉਟ ਕਰਨਾ ਸੀ ਅਤੇ ਉਨ੍ਹਾਂ ਦਾ ਸਮਾਨ ਵੀ ਸਾਰਾ ਪਹਿਲਾਂ ਹੀ ਪੈਕ ਕੀਤਾ ਹੋਇਆ ਸੀ। ਪਰ ਜਦੋਂ ਉਹ ਆਪਣੇ ਕਮਰੇਂ ਚੋਂ ਬਾਹਰ ਨਹੀਂ ਆਏ, ਤਾਂ ਰੁਮ ਸਰਵਿਸ ਦੀ ਇੱਕ ਔਰਤ ਨੇ ਉਨ੍ਹਾਂ ਦੇ ਰੁਮ ਦਾ ਦਰਵਾਜ਼ਾ ਖੋਲ੍ਹਿਆ ਤੇ ਅੰਦਰ 6 ਜਾਣਿਆਂ ਦੀਆਂ ਲਾਸ਼ਾਂ ਮਿਲੀਆਂ। ਥਿਟੀ ਨੇ ਕਿਹਾ ਕਿ ਰੂਮ ਵਿੱਚ ਇੱਕ ਭੋਜਨ ਵੀ ਮੌਜੂਦ ਸੀ ਜਿਸ ਨੂੰ ਰੂਮ ਸਰਵਿਸ ਵਲੋਂ ਹੀ ਆਰਡਰ ਕੀਤਾ ਗਿਆ ਸੀ ਪਰ ਉਸ ਵਿਚੋਂ ਕੁਝ ਵੀ ਖਾਧਾ ਨਹੀਂ ਗਿਆ ਪਰ ਪੀਣ ਵਾਲੇ ਪਾਣੀ ਦਾ ਸੇਵਨ ਕੀਤਾ ਗਿਆ ਸੀ। ਅਧਿਕਾਰੀ ਨੇ ਕਿਹਾ ਕਿ ਪੀੜਤਾਂ ਨੇ ਕਈ ਕਮਰੇ ਬੁੱਕ ਕਰਵਾਏ ਹੋਏ ਸੀ ਅਤੇ ਕੁਝ ਉਸ ਕਮਰੇ ਤੋਂ ਵੱਖਰੀ ਮੰਜ਼ਿਲ ‘ਤੇ ਰਹਿ ਰਹੇ ਸੀ ਜਿੱਥੇ ਉਹ ਮ੍ਰਿਤਕ ਪਾਏ ਗਏ। ਦੇਰ ਸ਼ਾਮ ਹੋਟਲ ਸਟਾਫ਼ ਵੱਲੋਂ ਪੁਲਿਸ ਨੂੰ ਬੁਲਾਇਆ ਗਿਆ।