ਜਿਵੇਂ ਕਿ ਕੈਨੇਡਾ ਇਸ ਸਰਦੀਆਂ ਵਿੱਚ ਆਮ ਨਾਲੋਂ ਵੱਧ ਤਾਪਮਾਨ ਦਾ ਅਨੁਭਵ ਕਰ ਰਿਹਾ ਹੈ, ਦੇਸ਼ ਨੂੰ ਬਸੰਤ ਅਤੇ ਗਰਮੀਆਂ ਵਿੱਚ ਸੋਕੇ, ਜੰਗਲੀ ਅੱਗ ਅਤੇ ਹੜ੍ਹਾਂ ਸਮੇਤ ਅਤਿਅੰਤ ਮੌਸਮੀ ਘਟਨਾਵਾਂ ਲਈ ਤਿਆਰ ਰਹਿਣਾ ਪਵੇਗਾ ਜਿਸ ਦੀ ਚੇਤਾਵਨੀ ਮਾਹਰਾਂ ਵਲੋਂ ਦਿੱਤੀ ਗਈ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਸਾਲ ਦਾ ਉੱਚ ਤਾਪਮਾਨ ਅਲ ਨੀਨਿਓ ਕਾਰਨ ਪ੍ਰਭਾਵਿਤ ਹੋਇਆ ਸੀ, ਜੋ ਕਿ ਇੱਕ ਅਜਿਹਾ ਵਰਤਾਰਾ ਹੈ ਜਿੱਥੇ ਪ੍ਰਸ਼ਾਂਤ ਦੇ ਭੂਮੱਧ ਖੇਤਰ ਵਿੱਚ ਪਾਣੀ ਗਰਮ ਹੁੰਦਾ ਹੈ ਅਤੇ ਉੱਤਰੀ ਅਮਰੀਕਾ ਵਿੱਚ ਮੌਸਮ ਦੇ ਪੈਟਰਨ ਬਦਲ ਜਾਂਦੇ ਹਨ। ਟੋਰਾਂਟੋ ਮਿਸੀਸਾਗਾ ਯੂਨੀਵਰਸਿਟੀ ਦੇ ਵਾਯੂਮੰਡਲ ਭੌਤਿਕ ਵਿਗਿਆਨ ਦੇ ਪ੍ਰੋਫੈਸਰ ਕੇਂਟ ਮੌਰ ਨੇ ਕਿਹਾ ਕਿ ਇਸ ਗਰਮ ਮੌਸਮ ਦਾ ਮਤਲਬ ਇਹ ਵੀ ਹੈ ਕਿ ਮੀਂਹ ਵੀ ਘੱਟ ਪਵੇਗਾ।
ਮੌਰ ਨੇ ਕਿਹਾ ਕਿ ਘੱਟ ਵਰਖਾ ਦੇ ਪ੍ਰਭਾਵ ਪੂਰੇ ਦੇਸ਼ ਵਿੱਚ ਬਸੰਤ ਅਤੇ ਗਰਮੀਆਂ ਦੌਰਾਨ ਵੱਖ-ਵੱਖ ਤਰੀਕਿਆਂ ਨਾਲ ਮਹਿਸੂਸ ਕੀਤੇ ਜਾਣਗੇ ਅਤੇ ਕੈਨੇਡਾ ਦੇ ਕੁਝ ਹਿੱਸੇ ਪਹਿਲਾਂ ਹੀ ਸੋਕੇ ਵਰਗੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਅਲਬਰਟਾ ਸਰਕਾਰ ਨੇ ਪਿਛਲੇ ਹਫ਼ਤੇ ਜੰਗਲੀ ਅੱਗ ਦੇ ਮੌਸਮ ਦੀ ਸ਼ੁਰੂਆਤ ਦਾ ਐਲਾਨ ਕੀਤਾ ਸੀ। ਸੀਜ਼ਨ ਰਵਾਇਤੀ ਤੌਰ ‘ਤੇ 1 ਮਾਰਚ ਤੋਂ 31 ਅਕਤੂਬਰ ਤੱਕ ਚੱਲਦਾ ਹੈ, ਪਰ ਅਲਬਰਟਾ ਦੇ ਜੰਗਲਾਤ ਅਤੇ ਪਾਰਕ ਮੰਤਰੀ ਨੇ ਅਧਿਕਾਰਤ ਤੌਰ ‘ਤੇ ਇਸ ਨੂੰ ਆਮ ਨਾਲੋਂ 10 ਦਿਨ ਪਹਿਲਾਂ ਹੀ ਜਾਰੀ ਹੋਣ ਦਾ ਐਲਾਨ ਕੀਤਾ। ਪਿਛਲੇ ਸਾਲ ਜੰਗਲੀ ਅੱਗ ਦੁਆਰਾ ਸਾੜੇ ਗਏ ਖੇਤਰ ਦੇ ਮਾਮਲੇ ਵਿੱਚ ਰਿਕਾਰਡ ‘ਤੇ ਸਭ ਤੋਂ ਮਾੜਾ ਸਾਲ ਸੀ, ਜਿਸ ਵਿੱਚ ਲਗਭਗ 18.5 ਮਿਲੀਅਨ ਹੈਕਟੇਅਰ ਕੈਨੇਡੀਅਨ ਜ਼ਮੀਨ ਸੜ ਗਈ ਸੀ। ਇਸ ਵਾਈਲਫਾਇਰ ਨੇ 1989 ਵਿੱਚ 7.6 ਮਿਲੀਅਨ ਹੈਕਟੇਅਰ ਝੁਲਸਣ ਦੇ ਪਿਛਲੇ ਰਿਕਾਰਡ ਨੂੰ ਪਾਰ ਕਰ ਦਿੱਤਾ। ਇਸ ਸਾਲ ਇਨ੍ਹਾਂ ਹਾਲਾਤਾਂ ਦੇ ਨਾਲ-ਨਾਲ ਕੈਨੇਡੀਅਨਸ ਕੀੜੇ-ਮਕੌੜਿਆਂ ਦੀਆਂ ਆਦਤਾਂ ਅਤੇ ਪੈਟਰਨ ਵਿੱਚ ਤਬਦੀਲੀ ਦੇਖ ਸਕਦੇ ਹਨ। ਮੌਰ ਨੇ ਕਿਹਾ ਕਿ ਕੈਨੇਡਾ ਦੇ ਕੁਝ ਹਿੱਸਿਆਂ ਵਿੱਚ ਚਿੱਚੜਾਂ ਦੀਆਂ ਹਮਲਾਵਰ ਪ੍ਰਜਾਤੀਆਂ ਦੇਖੀਆ ਜਾ ਸਕਦੀਆਂ ਹਨ, ਜੋ ਕਿ ਠੰਡ ਵਿੱਚ ਨਹੀਂ ਮਰਦੀਆਂ।