ਕੈਨੇਡਾ ਦੀ ਫੌਜ ਅਗਲੇ ਦੋ ਦਹਾਕਿਆਂ ਵਿੱਚ ਉੱਤਰ ਵਿੱਚ ਇੱਕ ਵੱਡੀ ਭੂਮਿਕਾ ਨਿਭਾਏਗੀ ਜਿਸ ਵਿੱਚ ਜਲਵਾਯੂ ਤਬਦੀਲੀ ਅਤੇ ਵੱਧ ਰਹੇ ਹਮਲਾਵਰ ਦੁਸ਼ਮਣਾਂ ਵਲੋਂ ਆਰਕਟਿਕ ਦੀ ਪ੍ਰਭੂਸੱਤਾ ਨੂੰ ਖਤਰਾ ਪੈਦਾ ਕਰਨ ਨੂੰ ਲੈ ਕੇ, ਇੱਕ ਨਵੀਂ ਰੱਖਿਆ ਨੀਤੀ ਦਸਤਾਵੇਜ਼ ਜਾਰੀ ਕੀਤਾ ਗਿਆ ਹੈ। ਇਸ ਅਪਡੇਟੇਡ ਡਿਫੈਂਸ ਪੋਲਿਸੀ ਵਿੱਚ ਫੌਜੀ ਸਮਰੱਥਾ ਦੇ ਨਵੀਨੀਕਰਨ ‘ਤੇ 20 ਸਾਲਾਂ ਵਿੱਚ $73 ਬਿਲੀਅਨ ਡਾਲਰ ਖਰਚਣ ਦੀ ਯੋਜਨਾ ਬਣਾਈ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਰੱਖਿਆ ਮੰਤਰੀ ਬਿਲ ਬਲੇਅਰ, ਵੈਟਰਨਜ਼ ਅਫੇਅਰਜ਼ ਮੰਤਰੀ ਜਿਨੇਟ ਪੇਟੀਪਾ-ਟੇਲਰ ਅਤੇ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਕੈਨੇਡੀਅਨ ਫੋਰਸਿਜ਼ ਬੇਸ ਟ੍ਰੈਂਟਨ ਵਿਖੇ ਨੀਤੀ ਦਾ ਐਲਾਨ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ, “ਜਲਵਾਯੂ ਤਬਦੀਲੀ ਤੇਜ਼ੀ ਨਾਲ ਕੈਨੇਡਾ ਨੂੰ ਮੁੜ ਆਕਾਰ ਦੇ ਰਹੀ ਹੈ ਅਤੇ ਸਾਡੇ ਨੋਰਥ ਨੂੰ ਵੀ ਰਿਸ਼ੇਪ ਕਰ ਰਹੀ ਹੈ। ਸਰਕਾਰ ਆਰਕਟਿਕ ਸੈਟੇਲਾਈਟ ਗਰਾਊਂਡ ਸਟੇਸ਼ਨ ਬਣਾਉਣ ਅਤੇ ਉੱਤਰੀ ਆਪ੍ਰੇਸ਼ਨ ਹੱਬ ਸਥਾਪਤ ਕਰਨ ਦੇ ਨਾਲ, ਉੱਤਰ ਵਿੱਚ ਜੰਮੇ ਹੋਏ ਹਾਲਾਤਾਂ ਦੇ ਅਨੁਕੂਲ ਨਵੇਂ ਵਾਹਨ ਖਰੀਦਣ ਦੀ ਯੋਜਨਾ ਬਣਾ ਰਹੀ ਹੈ। ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਹਵਾ ਅਤੇ ਜ਼ਮੀਨ ਤੋਂ ਇਲਾਵਾ, ਕੈਨੇਡਾ ਨੂੰ ਬਰਫ਼ ਦੇ ਹੇਠਾਂ ਆਪਣਾ ਬਚਾਅ ਕਰਨ ਲਈ ਤਿਆਰ ਰਹਿਣ ਦੀ ਲੋੜ ਹੈ। ਇਸ ਦੌਰਾਨ ਰੱਖਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਸ ਨੂੰ ਸੁਚਾਰੂ ਬਣਾਉਣ ਦੇ ਉਦੇਸ਼ ਨਾਲ ਰੱਖਿਆ ਖਰੀਦ ਦੀ ਸਮੀਖਿਆ ਕਰ ਰਹੇ ਹਨ, ਜੋ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਮੁੱਦਾ ਹੈ। ਨੀਤੀ ਵਿੱਚ ਇਹ ਵੀ ਨੋਟ ਕੀਤਾ ਗਿਆ ਹੈ ਕਿ ਸਲਾਹ-ਮਸ਼ਵਰੇ ਦੌਰਾਨ, ਰੱਖਿਆ ਉਦਯੋਗ ਨੇ ਕਿਹਾ ਕਿ ਉਸਨੂੰ ਸਰਕਾਰ ਨਾਲ ਆਪਣੇ ਸਬੰਧਾਂ ਨੂੰ ਮੁੜ ਸਥਾਪਿਤ ਕਰਨ ਦੀ ਲੋੜ ਹੈ।