BTV BROADCASTING

Canada ‘ਚ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਸਫਲਤਾ ਲਈ ਸਰੀ ‘ਚ ਕੱਢੀ ਗਈ ਕਾਰ ਰੈਲੀ

Canada ‘ਚ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਸਫਲਤਾ ਲਈ ਸਰੀ ‘ਚ ਕੱਢੀ ਗਈ ਕਾਰ ਰੈਲੀ

ਕੌਮੀ ਇਨਸਾਫ ਮੋਰਚਾ, ਸਤਿਕਾਰ ਕਮੇਟੀ ਕੈਨੇਡਾ, ਵੱਖ ਵੱਖ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਸਾਹਿਬਾਨ ਦੀਆਂ ਸੰਗਤਾਂ ਵੱਲੋਂ ਪੰਜਾਬ ਵਿੱਚ ਪਾਰਲੀਮੈਂਟ ਦੀ ਚੋਣ ਲੜ ਰਹੇ
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅਤੇ ਪੰਥਕ ਉਮੀਦਵਾਰਾਂ ਦੀ ਸਫਲਤਾ ਲਈ ਕਾਰ ਰੈਲੀ ਕੱਢੀ ਗਈ।

ਇਹ ਜਾਣਕਾਰੀ ਦਿੰਦਿਆਂ ਸਤਿਕਾਰ ਕਮੇਟੀ ਕਨੇਡਾ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਸੇਖੋਂ ਨੇ ਦੱਸਿਆ ਹੈ ਕਿ ਇਹ ਕਾਰ ਰੈਲੀ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ-ਡੈਲਟਾ ਤੋਂ ਸ਼ੁਰੂ ਹੋਈ ਅਤੇ ਫਿਰ ਗੁਰਦੁਆਰਾ ਸੁਖ ਸਾਗਰ (ਖਾਲਸਾ ਦੀਵਾਨ ਸੁਸਾਇਟੀ) ਨਿਊ ਵੈਸਟਮਿਨਸਟਰ ਵਿਖੇ ਇਹ ਕਾਰ ਰੈਲੀ ਪਹੁੰਚੀ ਜਿੱਥੇ ਗੁਰਦੁਆਰਾ ਕਮੇਟੀ ਨੇ ਸੰਗਤਾਂ ਨੂੰ ਜੀ ਆਇਆਂ ਆਖਿਆ। ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਨੇ ਸੰਗਤਾਂ ਨੂੰ ਇਸ ਰੈਲੀ ਦੇ ਮਨੋਰਥ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਇਹ ਕਾਰ ਰੈਲੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸਰੀ ਵਿਖੇ ਪਹੁੰਚੀ ਅਤੇ ਉਥੋਂ ਦੀਆਂ ਸੰਗਤਾਂ ਨੇ ਵੀ ਇਸ ਕਾਰ ਰੈਲੀ ਦਾ ਭਰਵਾਂ ਸਵਾਗਤ ਕੀਤਾ। ਇੱਥੇ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਨੇ ਪੰਥਕ ਉਮੀਦਵਾਰਾਂ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਫਿਰ ਇਹ ਕਾਰ ਰੈਲੀ ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਸਰੀ ਵਿਖੇ ਪਹੁੰਚੀ ਅਤੇ ਉਥੋਂ ਦੇ ਪ੍ਰਬੰਧਕਾਂ ਨੇ ਨਿੱਘਾ ਸਵਾਗਤ ਕੀਤਾ ਅਤੇ ਸਾਰੇ ਪੰਥਕ ਉਮੀਦਵਾਰਾਂ ਦੀ ਮਦਦ ਕਰਨ ਦਾ ਭਰੋਸਾ ਦਵਾਇਆ। ਇਥੇ ਸੰਪੂਰਨਤਾ ਦੀ ਅਰਦਾਸ ਕਰਨ ਉਪਰੰਤ ਹੁਕਮਨਾਮਾ ਲੈ ਕੇ ਇਹ ਕਾਰ ਰੈਲੀ ਸਮਾਪਤ ਹੋਈ।

ਇਸੇ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ, ਸਿਮਰਨਜੀਤ ਸਿੰਘ ਮਾਨ, ਭਾਈ ਸਰਬਜੀਤ ਸਿੰਘ ਪੁੱਤਰ ਸ਼ਹੀਦ ਬੇਅੰਤ ਸਿੰਘ, ਭਾਈ ਮਾਨ ਸਿੰਘ ਮਾਨ, ਪ੍ਰੋਫੈਸਰ ਸੁਰਿੰਦਰਪਾਲ ਸਿੰਘ ਅਤੇ ਲੱਖਾ ਸਿੰਘ ਸਿਧਾਣਾ ਦੀ ਸਫਲਤਾ ਲਈ ਸਤਿਕਾਰ ਕਮੇਟੀ ਕਨੇਡਾ ਵੱਲੋਂ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿੱਚ ਸਹਿਜ ਪਾਠ ਪ੍ਰਾਰੰਭ ਕਰਵਾਏ ਗਏ ਹਨ। ਸਤਿਕਾਰ ਕਮੇਟੀ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਸੇਖੋ ਨੇ ਦੱਸਿਆ ਹੈ ਕਿ ਸੰਗਤਾਂ ਵੱਲੋਂ ਇਹਨਾਂ ਪੰਥਕ ਉਮੀਦਵਾਰਾਂ ਦੀ ਸਫਲਤਾ ਲਈ ਪੰਜਾਬ ਦੇ ਵੋਟਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵੱਧ ਤੋਂ ਵੱਧ ਵੋਟਾਂ ਨਾਲ ਇਹਨਾਂ ਉਮੀਦਵਾਰਾਂ ਨੂੰ ਜੇਤੂ ਬਣਾਉਣ। ਉਹਨਾਂ ਇਹ ਵੀ ਦੱਸਿਆ ਕਿ ਕੌਮੀ ਇਨਸਾਫ ਮੋਰਚਾ ਕੈਨੇਡਾ ਵੱਲੋਂ ਪੰਥਕ ਸੋਚ ਵਾਲੇ ਉਮੀਦਵਾਰਾਂ ਦੀ ਤਨ ਮਨ ਧਨ ਨਾਲ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਤਿਕਾਰ ਕਮੇਟੀ ਕਨੇਡਾ ਐਬਸਫੋਰਡ ਅਤੇ ਸੰਗਤ ਵੱਲੋਂ ਪਹਿਲਾਂ ਵੀ ਪੰਥਕ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਸਫਲਤਾ ਲਈ ਸਹਿਜ ਪਾਠ ਚੱਲ ਰਹੇ ਹਨ ਜਿਨਾਂ ਦੇ ਭੋਗ 31 ਮਈ ਨੂੰ ਵੋਟਾਂ ਤੋਂ ਇੱਕ ਦਿਨ ਪਹਿਲਾਂ ਪਾਏ ਜਾਣਗੇ।

Related Articles

Leave a Reply