ਬੀਤੇ ਸੋਮਵਾਰ ਰਾਤ ਨੂੰ ਕੈਲਗਰੀ ਖੇਤਰ ਵਿੱਚ ਭਾਰੀ ਗੜੇ ਅਤੇ ਭਾਰੀ ਮੀਂਹ ਪਿਆ, ਜਿਸ ਨਾਲ ਘਰਾਂ, ਕਾਰਾਂ ਅਤੇ ਕੈਲਗਰੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਵਿਆਪਕ ਨੁਕਸਾਨ ਪਹੁੰਚਿਆ। ਰਿਪੋਰਟ ਮੁਤਾਬਕ ਐਨਵਾਇਰਮੈਂਟ ਅਤੇ ਕਲਾਈਮੇਟ ਚੇਂਜ ਕੈਨੇਡਾ ਨੇ ਰਾਤ ਪੋਣੇ 8 ਵਜੇ ਦੇ ਕਰੀਬ ਇੱਕ ਤੇਜ਼ ਥੰਡਰਸਟੋਰਮ ਦਾ ਐਮਰਜੈਂਸੀ ਅਲਰਟ ਜਾਰੀ ਕੀਤਾ। ਜਿਸ ਵਿੱਚ ਆਉਣ ਵਾਲੇ ਤੂਫਾਨ ਤੋਂ ਬੱਚਣ ਲਈ ਸੜਕਾਂ ਤੇ ਮੌਜੂਦ ਲੋਕਾਂ ਨੂੰ ਸ਼ੈਲਟਰ ਲੈਣ ਲਈ ਕਿਹਾ ਗਿਆ। ਤੇ ਦੱਸਿਆ ਗਿਆ ਕੀ ਤੇਜ਼ ਹਵਾ ਦੇ ਝਖੜ, ਬਹੁਤ ਵੱਡੇ ਅਕਾਰ ਦੇ ਗੜੇ ਅਤੇ ਭਾਰੀ ਮੀਂਹ ਆਉਣ ਵਾਲਾ ਹੈ। ਇਹ ਤੂਫਾਨ ਪੂਰੇ ਕੈਲਗਰੀ ਵਿੱਚ ਫੈਲਿਆ, ਜਿਥੇ ਸ਼ਹਿਰ ਦੇ ਉੱਤਰੀ ਹਿੱਸੇ ਵਿੱਚ ਭਾਰੀ ਗੜੇ ਪਏ। ਇਸ ਤੂਫਾਨ ਨੇ ਹਵਾਈ ਅੱਡੇ ਨੂੰ ਵੀ ਨੁਕਸਾਨ ਪਹੁੰਚਾਇਆ, ਜਿਥੇ ਗੇਟ B ਅਤੇ C ‘ਤੇ ਮੌਜੂਦ ਯਾਤਰੀ ਥਾਂ ਨੂੰ ਖਾਲੀ ਕਰਨ ਲਈ ਮਜਬੂਰ ਹੋਏ। ਇਸ ਨੁਕਸਾਨ ਦੇ ਚਲਦੇ ਏਅਰਪੋਰਟ ਨੇ ਐਲਾਨ ਕੀਤਾ ਕੀ ਉਨ੍ਹਾਂ ਦੀ ਡੋਮੈਸਟਿਕ ਟਰਮੀਨਲ ਦੀ ਇਮਾਰਤ, ਭਾਰੀ ਮੀਂਹ ਅਤੇ ਗੜਿਆਂ ਕਾਰਨ ਨੁਕਸਾਨਿਆ ਗਿਆ ਜਿਸ ਕਰਕੇ ਉਨ੍ਹਾਂ ਨੂੰ ਇਹ ਏਅਰਪੋਰਟ ਦਾ ਇਹ ਹਿੱਸਾ ਬੰਦ ਕਰਨਾ ਪਿਆ। ਇਸ ਦੌਰਾਨ ਏਅਰਪੋਰਟ ਨੇ ਸੋਸ਼ਲ ਮੀਡੀਆ ‘ਤੇ ਪਾਈ ਇਕ ਪੋਸਟ ਵਿਚ ਕਿਹਾ, ਕਿ ਪਾਣੀ ਨੂੰ ਸਾਫ ਕਰਨ ਅਤੇ ਨੁਕਸਾਨ ਦਾ ਮੁਲਾਂਕਣ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਹਾਲਾਂਕਿ, ਘਰੇਲੂ ਟਰਮੀਨਲ ਦੇ ਹਿੱਸੇ ਅਗਲੇ ਨੋਟਿਸ ਤੱਕ ਬੰਦ ਰਹਿਣਗੇ। ਜਿਸ ਤੋਂ ਬਾਅਦ ਏਅਰਪੋਰਟ ਨੇ ਯਾਤਰੀਆਂ ਨੂੰ ਫਲਾਈਟ ਅਪਡੇਟ ਲਈ ਆਪਣੀ ਏਅਰਲਾਈਨ ਨਾਲ ਸੰਪਰਕ ਕਰਨ ਲਈ ਕਿਹਾ। ਉਥੇ ਹੀ ਸਟੋਨੀ ਟ੍ਰੇਲ ਅਤੇ ਡੀਅਰਫੁੱਟ ਟ੍ਰੇਲ ਵਰਗੇ ਪ੍ਰਮੁੱਖ ਮਾਰਗਾਂ ਦੇ ਹਿੱਸੇ ਪਾਣੀ ਨਾਲ ਭਰ ਗਏ, ਜਿਥੇ ਡਰਾਈਵਰਾਂ ਨੇ ਓਵਰਪਾਸ ਦੇ ਹੇਠਾਂ ਸ਼ਰਨ ਲੱਭਣ ਦੀ ਕੋਸ਼ਿਸ਼ ਕੀਤੀ। ਜੋ ਸੋਸ਼ਲ ਮੀਡੀਆ ਤੇ ਕਈ ਵੀਡਿਓਸ ਸਾਹਮਣੇ ਆਈ ਉਨ੍ਹਾਂ ਵਿੱਚ ਗਜ਼ੀਬੋ, ਟੁੱਟੀਆਂ ਕਾਰਾਂ ਦੀਆਂ ਖਿੜਕਿਆਂ ਅਤੇ ਘਰਾਂ ਦੀ ਨੁਕਸਾਨੀਆਂ ਗਈਆਂ ਸਾਈਡਿੰਗਸ ਨਜ਼ਰ ਆਈਆਂ। ਅਤੇ ਬੀਤੇ ਦਿਨ ਐਨਵਾਇਰਮੈਂਟ ਕੈਨੇਡਾ ਨੇ ਇੱਕ ਅਪਡੇਟ ਜਾਰੀ ਕੀਤੀ ਜਿਸ ਵਿੱਚ ਸਭ ਤੋਂ ਵੱਧ ਗੜੇ ਕੁਈਨਸਟਾਉਨ, ਦੇ ਪਿੰਡ ਵਿੱਚ ਡਿੱਗੇ ਜਿਨ੍ਹਾਂ ਦਾ ਅਕਾਰ ਬਹੁਤ ਵੱਡਾ ਸੀ। ਇਸ ਦੌਰਾਨ ਰਾਸ਼ਟਰੀ ਮੌਸਮ ਸੇਵਾ ਨੇ ਕਿਹਾ ਕਿ ਟਿਲੀ, ਵਿੱਚ ਸਭ ਤੋਂ ਤੇਜ਼ ਹਵਾਵਾਂ ਦਰਜ ਕੀਤੀਆਂ ਗਈਆਂ, ਜਿੱਥੇ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫ਼ਾਨ ਪਹੁੰਚਿਆ।