ਇਸ ਹਫਤੇ ਬੀ.ਸੀ. ਦੀ ਫਰੇਜ਼ਰ ਵੈਲੀ ਵਿੱਚ ਇੱਕ ਦਰਦਨਾਕ ਟੱਕਰ ਹੋਈ ਜਿਸ ਵਿੱਚ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ, ਇਸ ਦੁਖਦਾਈ ਘਟਨਾ ਦੀ ਪੁਸ਼ਟੀ ਆਰਸੀਐਮਪੀ ਵਲੋਂ ਕੀਤੀ ਗਈ ਹੈ। ਅਧਿਕਾਰੀਆਂ ਮੁਤਾਬਕ ਮਰਨ ਵਾਲਿਆਂ ਵਿੱਚ ਦੋ ਬਾਲਗ ਅਤੇ ਇੱਕ ਬੱਚਾ ਹੈ। ਆਰਸੀਐਮਪੀ ਦੀ ਅੱਪਰ ਫਰੇਜ਼ਰ ਵੈਲੀ ਰੀਜਨਲ ਡਿਟੈਚਮੈਂਟ ਨੇ ਕਿਹਾ ਕਿ ਤੜਕੇ ਇੱਕ ਯਾਤਰੀ ਵਾਹਨ ਅਤੇ ਟਰੈਕਟਰ ਟਰੇਲਰ ਵਿਚਕਾਰ ਆਹਮੋ-ਸਾਹਮਣੇ ਟੱਕਰ ਹੋਣ ਦੀ ਰਿਪੋਰਟ ਦੇ ਨਾਲ ਐਮਰਜੈਂਸੀ ਅਮਲੇ ਨੂੰ ਅਗੈਸਿਸ ਨੇੜੇ ਲੌਹੀਡ ਹਾਈਵੇਅ ‘ਤੇ ਬੁਲਾਇਆ ਗਿਆ ਸੀ। ਜਿਥੇ ਦੋ ਬਾਲਗਾਂ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ, ਜਦੋਂ ਕਿ ਬੱਚੇ ਨੂੰ ਪਹਿਲਾਂ ਹਵਾਈ ਜਹਾਜ਼ ਰਾਹੀਂ ਹਸਪਤਾਲ ਲਿਜਾਇਆ ਗਿਆ। UFVRD ਨੇ ਇੱਕ ਨਿਊਜ਼ ਰੀਲੀਜ਼ ਵਿੱਚ ਕਿਹਾ, “ਪਹਿਲੇ ਜਵਾਬ ਦੇਣ ਵਾਲਿਆਂ ਅਤੇ ਹਸਪਤਾਲ ਦੇ ਸਟਾਫ਼ ਦੇ ਬਹਾਦਰੀ ਭਰੇ ਯਤਨਾਂ ਦੇ ਬਾਵਜੂਦ, ਕੁਝ ਘੰਟਿਆਂ ਬਾਅਦ ਹੀ ਬੱਚੇ ਦੀ ਵੀ ਮੌਤ ਹੋ ਗਈ। ਇਸ ਘਟਨਾ ਵਿੱਚ ਟਰੈਕਟਰ ਟਰਾਲੇ ਦੇ ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ। ਅਧਿਕਾਰੀਆਂ ਨੇ ਕਿਹਾ ਕਿ ਟੱਕਰ ਦੇ ਕਾਰਨਾਂ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ, ਪਰ ਸ਼ਰਾਬ ਅਤੇ ਨਸ਼ੀਲੇ ਪਦਾਰਥ ਸ਼ੱਕੀ ਕਾਰਕ ਨਹੀਂ ਹਨ। ਟੱਕਰ ਦੇ ਚਲਦੇ ਲੌਹੀਡ ਹਾਈਵੇਅ ਨੂੰ ਕਈ ਘੰਟਿਆਂ ਲਈ ਬੰਦ ਕਰਨ ਪਿਆ, ਪਰ ਆਖਰਕਾਰ ਸ਼ਾਮ 5 ਵਜੇ ਦੇ ਕਰੀਬ ਰੂਟ ਨੂੰ ਦੁਬਾਰਾ ਖੋਲ੍ਹ ਦਿੱਤਾ ਗਿਆ। ਅਧਿਕਾਰੀਆਂ ਨੇ ਮੰਗਲਵਾਰ ਤੜਕੇ 3 ਤੋਂ 3:45 ਵਜੇ ਦਰਮਿਆਨ ਲੌਹੀਡ ਹਾਈਵੇਅ ਦੇ 8100 ਬਲਾਕ ਵਿੱਚ ਹਾਦਸੇ ਦਾ ਗਵਾਹ ਜਾਂ ਡੈਸ਼-ਕੈਮ ਵੀਡੀਓ ਰਿਕਾਰਡ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ Agassiz RCMP ਨਾਲ 604-796-2211 ‘ਤੇ ਸੰਪਰਕ ਕਰਨ ਲਈ ਕਿਹਾ ਹੈ।