ਜੰਮੂ-ਕਸ਼ਮੀਰ ਦੇ ਪੁੰਛ ‘ਚ ਹਵਾਈ ਫੌਜ ਦੇ ਕਾਫਲੇ ‘ਤੇ ਹੋਏ ਹਮਲੇ ਤੋਂ ਬਾਅਦ ਭਾਰਤੀ ਫੌਜ ਨੇ ਅੱਜ ਸਕੈੱਚ ਜਾਰੀ ਕੀਤਾ ਹੈ। ਸੁਰੱਖਿਆ ਬਲਾਂ ਨੇ ਇਨ੍ਹਾਂ ਅੱਤਵਾਦੀਆਂ ਬਾਰੇ ਸੂਚਨਾ ਦੇਣ ਵਾਲੇ ਨੂੰ 20 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ 4 ਮਈ ਨੂੰ ਪੁੰਛ ਜ਼ਿਲੇ ‘ਚ ਭਾਰਤੀ ਹਵਾਈ ਫੌਜ ਦੇ ਵਾਹਨ ‘ਤੇ ਹਮਲਾ ਹੋਇਆ ਸੀ, ਜਿਸ ‘ਚ 5 ਜਵਾਨ ਜ਼ਖਮੀ ਹੋ ਗਏ ਸਨ। ਬਾਅਦ ਵਿੱਚ ਇੱਕ ਸਿਪਾਹੀ ਸ਼ਹੀਦ ਹੋ ਗਿਆ।
ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਵੱਲੋਂ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਹਮਲੇ ਤੋਂ ਬਾਅਦ ਅੱਤਵਾਦੀ ਜੰਗਲਾਂ ‘ਚ ਭੱਜ ਗਏ ਸਨ। ਇਨ੍ਹਾਂ ਜੰਗਲਾਂ ‘ਚ ਗੁਫਾਵਾਂ ਹਨ, ਜਿਨ੍ਹਾਂ ਨੂੰ ਅੱਤਵਾਦੀ ਲੁਕਣ ਦੇ ਟਿਕਾਣਿਆਂ ਵਜੋਂ ਵਰਤਦੇ ਹਨ। ਸੁਰੱਖਿਆ ਬਲਾਂ ਨੂੰ ਅੱਤਵਾਦੀ ਵਿਰੋਧੀ ਮੁਹਿੰਮ ‘ਚ ਅਜੇ ਤੱਕ ਕੋਈ ਸਫਲਤਾ ਨਹੀਂ ਮਿਲੀ ਹੈ। ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ ਅਨੁਸਾਰ, ਅੱਤਵਾਦੀਆਂ ਨੇ ਵੱਧ ਤੋਂ ਵੱਧ ਜਾਨੀ ਨੁਕਸਾਨ ਕਰਨ ਲਈ ਏਕੇ ਅਸਾਲਟ ਰਾਈਫਲਾਂ, ਯੂਐਸ ਦੀ ਬਣੀ ਐਮ4 ਕਾਰਬਾਈਨ ਅਤੇ ਸਟੀਲ ਦੀਆਂ ਗੋਲੀਆਂ ਦੀ ਵਰਤੋਂ ਕੀਤੀ। ਸੂਤਰਾਂ ਮੁਤਾਬਕ ਇਸ ਸਬੰਧ ‘ਚ 18 ਤੋਂ 20 ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ‘ਚ ਲਿਆ ਗਿਆ ਹੈ।