ਪਿਛਲੇ ਹਫਤੇ ਵ੍ਹਾਈਟ ਰੌਕ ਵਿੱਚ ਇੱਕ ਘਾਤਕ ਚਾਕੂ ਮਾਰਨ ਦੀ ਘਟਨਾ ਵਿੱਚ ਜਾਂਚਕਰਤਾਵਾਂ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਕੁਲਵਿੰਦਰ ਸਿੰਘ ਸੋਹੀ ‘ਤੇ ਰਾਤ 9 ਵਜੇ ਤੋਂ ਕੁਝ ਦੇਰ ਬਾਅਦ ਚਾਕੂ ਨਾਲ ਹਮਲਾ ਕੀਤਾ ਗਿਆ ਸੀ। ਜੋ 23 ਅਪ੍ਰੈਲ ਨੂੰ ਕਮਿਊਨਿਟੀ ਦੇ ਪ੍ਰਸਿੱਧ ਬੀਚ ਪ੍ਰੋਮੈਨੇਡ ‘ਤੇ ਆਪਣੇ ਦੋਸਤ ਨਾਲ ਮੌਜੂਦ ਸੀ। ਸੋਮਵਾਰ ਨੂੰ ਜਾਰੀ ਇੱਕ ਮੀਡੀਆ ਰਿਲੀਜ਼ ਵਿੱਚ, ਇੰਟੀਗ੍ਰੇਟੇਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਕਿਹਾ ਕਿ ਇੰਟੀਗ੍ਰੇਟੇਡ ਐਮਰਜੈਂਸੀ ਰਿਸਪਾਂਸ ਟੀਮ ਦੁਆਰਾ ਸਮਰਥਤ ਅਧਿਕਾਰੀਆਂ ਨੇ ਮੌਤ ਦੇ ਸਬੰਧ ਵਿੱਚ ਸਰੀ ਦੇ ਇੱਕ 28 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ। ਦੱਸਦਈਏ ਕਿ ਮ੍ਰਿਤਕ ਕੁਲਵਿੰਦਰ ਸਿੰਘ ਸੋਹੀ 26 ਸਾਲਾ ਦਾ ਸੀ ਜੋ ਰੈੱਡ ਸੀਲ ਵਿੱਚ ਪਲੰਬਰ ਦੀ ਨੌਕਰੀ ਕਰਦਾ ਸੀ ਅਤੇ ਉਸੇ ਖੇਤਰ ਵਿੱਚ ਚਾਕੂ ਮਾਰਨ ਦੀ ਇੱਕ ਘਟਨਾ ਤੋਂ ਬਾਅਦ ਜਿਸ ਵਿੱਚ ਇੱਕ ਪੰਜਾਬੀ ਵਿਅਕਤੀ ਦੀ ਗਰਦਨ ਤੇ ਚਾਕੂ ਮਾਰਿਆ ਗਿਆ ਸੀ ਉਸ ਘਟਨਾ ਤੋਂ 48 ਘੰਟਿਆਂ ਬਾਅਦ ਹੀ ਸੇਮ ਸਟ੍ਰੀਟ ਤੇ ਇਹ ਘਟਨਾ ਵਾਪਰੀ ਅਤੇ ਕੁਲਵਿੰਦਰ ਸੋਹੀ ਦੀ ਮੌਤ ਹੋ ਗਈ। ਹਾਲਾਂਕਿ ਦੋਵਾਂ ਮਾਮਲਿਆਂ ਵਿੱਚ ਸ਼ੱਕੀ ਵਿਅਕਤੀਆਂ ਦੇ ਸਮਾਨ ਵਰਣਨ ਸਾਹਮਣੇ ਆਏ ਹਨ, ਪਰ ਪੁਲਿਸ ਨੇ ਰਸਮੀ ਤੌਰ ਤੇ ਦੋਵਾਂ ਨੂੰ ਇੱਕ-ਦੂਜੇ ਕੇਸ ਨਾਲ ਜੋੜਿਆ ਨਹੀਂ ਹੈ। ਜਿਸ ਵਿਅਕਤੀ ਤੇ ਪਹਿਲਾਂ ਹਮਲਾ ਹੋਇਆ ਸੀ ਉਸ ਦਾ ਨਾਮ ਜਦਿੰਦਰ ਸਿੰਘ ਦੱਸਿਆ ਗਿਆ ਹੈ ਜੋ ਕੁਝ ਮਹੀਨੇ ਪਹਿਲਾਂ ਹੀ ਕੈਨੇਡਾ ਆਇਆ ਸੀ। ਅਤੇ ਹਮਲੇ ਦੌਰਾਨ ਉਸ ਦੀ ਪਤਨੀ ਵੀ ਉਸ ਨਾਲ ਮੌਜੂਦ ਸੀ। ਹਾਲਾਂਕਿ ਇਸ ਹਮਲੇ ਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਪਰ ਦੋਵੇਂ ਜਨ ਇਸ ਘਟਨਾ ਤੋਂ ਬਾਅਦ ਸਦਮੇ ਵਿੱਚ ਹਨ। ਉਥੇ ਹੀ ਇਹਨਾਂ ਹਮਲਿਆਂ ਨੇ ਸ਼ਾਂਤ ਬੀਚਫ੍ਰੰਟ ਭਾਈਚਾਰੇ ਨੂੰ ਪਰੇਸ਼ਾਨ ਕਰ ਦਿੱਤਾ ਹੈ, ਜਿਥੇ ਸਥਾਨਕ ਲੋਕਾਂ ਨੇ ਆਪਣੀ ਸੁਰੱਖਿਆ ਲਈ ਡਰ ਜ਼ਾਹਰ ਕੀਤਾ ਅਤੇ ਕਾਰੋਬਾਰਾਂ ਨੇ ਵਿਕਰੀ ਵਿੱਚ ਘਾਟੇ ਦੀ ਰਿਪੋਰਟ ਦਿੱਤੀ ਕਿਉਂਕਿ ਇਹਨਾਂ ਘਟਨਾਵਾਂ ਤੋਂ ਬਾਅਦ ਸੈਲਾਨੀਆਂ ਨੇ ਸੈਰ ਕਰਨ ਤੋਂ ਪਰਹੇਜ਼ ਕੀਤਾ ਹੈ।