BTV BROADCASTING

ਇਟਲੀ ਦੇ ਪਾਵਰ ਪਲਾਂਟ ‘ਚ ਧਮਾਕੇ ਤੋਂ ਬਾਅਦ 4 ਲੋਕਾਂ ਦੀ ਮੌਤ, ਕਈ ਲਾਪਤਾ

ਇਟਲੀ ਦੇ ਪਾਵਰ ਪਲਾਂਟ ‘ਚ ਧਮਾਕੇ ਤੋਂ ਬਾਅਦ 4 ਲੋਕਾਂ ਦੀ ਮੌਤ, ਕਈ ਲਾਪਤਾ

ਉੱਤਰੀ ਇਟਲੀ ਵਿੱਚ ਇੱਕ ਹਾਈਡ੍ਰੋ ਇਲੈਕਟ੍ਰਿਕ ਪਾਵਰ ਪਲਾਂਟ ਵਿੱਚ ਧਮਾਕੇ ਤੋਂ ਬਾਅਦ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲਾਪਤਾ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਇਹ ਧਮਾਕਾ ਬੋਲੋਨੀ ਸ਼ਹਿਰ ਤੋਂ 70 ਕਿਲੋਮੀਟਰ (43 ਮੀਲ) ਦੂਰ ਸੁਵੀਆਨਾ ਝੀਲ ‘ਤੇ ਪਲਾਂਟ ‘ਤੇ ਪਾਣੀ ਦੇ ਅੰਦਰ ਹੋਇਆ। ਜੋ ਕੀ ਪ੍ਰਭਾਵਿਤ ਖੇਤਰ ਝੀਲ ਦੀ ਸਤ੍ਹਾ ਤੋਂ 30 ਮੀਟਰ (100 ਫੁੱਟ) ਹੇਠਾਂ ਸਥਿਤ ਹੈ। ਨੇੜੇ ਦੇ ਕਸਬੇ ਕੈਮੁਗਨਾਨੋ ਦੇ ਮੇਅਰ ਨੇ ਐਨਸਾ ਨਿਊਜ਼ ਏਜੰਸੀ ਨੂੰ ਦੱਸਿਆ ਕਿ ਇਹ ਮੰਨਿਆ ਜਾ ਰਿਹਾ ਹੈ ਕਿ ਰੱਖ-ਰਖਾਅ ਦੇ ਕੰਮ ਦੌਰਾਨ ਅੱਗ ਲੱਗ ਗਈ ਸੀ। ਮਾਰਕੋ ਮਾਸੀਨਾਰਾ ਨੇ ਜਾਣਕਾਰੀ ਦਿੱਤੀ ਕਿ ਬਚਾਅ ਕਰਨ ਵਾਲਿਆਂ ਨੂੰ ਪਹੁੰਚ ਪ੍ਰਾਪਤ ਕਰਨ ਵਿੱਚ ਮੁਸ਼ਕਲ ਆਈ ਅਤੇ ਇਹ ਹਾਦਸਾ ਬੇਹੱਦ “ਗੰਭੀਰ” ਸੀ। ਬੋਲੋਨੀ ਦੇ ਪ੍ਰੀਫੈਕਟ, ਐਟਿਲਿਓ ਵਿਸਕੋਂਟੀ ਨੇ ਕਿਹਾ ਕਿ ਸਤ੍ਹਾ ਤੋਂ ਹੇਠਾਂ ਅੱਠ ਮੰਜ਼ਿਲ ‘ਤੇ ਇੱਕ ਟਰਬਾਈਨ ਫਟਣ ਨਾਲ ਅੱਗ ਲੱਗ ਗਈ, ਜਿਸ ਕਾਰਨ ਹੇਠਾਂ ਦੀ ਮੰਜ਼ਿਲ ਹੜ੍ਹ ਗਈ। ਖੋਜ ਅਤੇ ਬਚਾਅ ਮੁਹਿੰਮ ਵਿੱਚ ਸ਼ਾਮਲ ਗੋਤਾਖੋਰਾਂ ਵਿੱਚੋਂ ਇੱਕ ਨੇ ਇਤਾਲਵੀ ਅਖਬਾਰ ਲਾ ਰਿਪਬਲਿਕਾ ਨੂੰ ਦੱਸਿਆ ਕਿ ਉਹ ਸਤ੍ਹਾ ਤੋਂ ਹੇਠਾਂ ਸੱਤਵੀਂ ਮੰਜ਼ਿਲ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਗਿਆ ਸੀ ਪਰ ਹੋਰ ਹੇਠਾਂ ਫਸੇ ਤਿੰਨ ਲੋਕਾਂ ਤੱਕ ਨਹੀਂ ਪਹੁੰਚ ਸਕਿਆ। ਧਮਾਕੇ ਤੋਂ ਬਾਅਦ ਕਈ ਲੋਕਾਂ ਦੇ ਗੰਭੀਰ ਰੂਪ ਵਿੱਚ ਝੁਲਸਣ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ ਜਿਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਨੇੜਲੇ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ। ਇਸ ਦੌਰਾਨ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮਲੋਨੀ ਨੇ ਐਕਸ ‘ਤੇ ਟਵੀਟ ਕੀਤਾ ਜਿਸ ਵਿੱਚ ਉਸ ਨੇ ਬਚਾਅ ਸੇਵਾਵਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਧਮਾਕੇ ਦੀਆਂ ਖਬਰਾਂ ਤੋਂ ਬਾਅਦ “ਚਿੰਤਤ” ਹੈ ਅਤੇ ਇਸ ਤੇ ਪੂਰੀ ਤਰ੍ਹਾਂ ਨਿਗਰਾਨੀ ਰੱਖ ਰਹੀ ਹੈ।

Related Articles

Leave a Reply