4 ਅਪ੍ਰੈਲ 2024: ਪਾਕਿਸਤਾਨ ‘ਚ ਇਸਲਾਮਾਬਾਦ ਹਾਈ ਕੋਰਟ (IHC) ਦੇ 8 ਜੱਜਾਂ ਤੋਂ ਬਾਅਦ ਹੁਣ ਲਾਹੌਰ ਹਾਈ ਕੋਰਟ (LHC) ਦੇ ਤਿੰਨ ਜੱਜਾਂ ਨੂੰ ਵੀ ਬੁੱਧਵਾਰ ਨੂੰ ਚਿੱਟੇ ਪਾਊਡਰ ਵਾਲੇ ਧਮਕੀ ਭਰੇ ਪੱਤਰ ਮਿਲੇ ਹਨ। ਅਦਾਲਤ ਦੇ ਰਜਿਸਟਰਾਰ ਦਫ਼ਤਰ ਨੇ ਇਹ ਜਾਣਕਾਰੀ ਦਿੱਤੀ। ਚਿੱਟੇ ਪਾਊਡਰ ਨੂੰ ਜਾਨਲੇਵਾ ‘ਐਂਥ੍ਰੈਕਸ’ ਹੋਣ ਦਾ ਸ਼ੱਕ ਹੈ। ਪੰਜਾਬ ਸੂਬੇ ਦੀ ਪੁਲਸ ਦੇ ਬੁਲਾਰੇ ਨੇ ਕਿਹਾ, ”ਪਾਊਡਰ ਨੂੰ ਜਾਂਚ ਲਈ ਲੈਬਾਰਟਰੀ ‘ਚ ਭੇਜਿਆ ਗਿਆ ਹੈ ਕਿ ਕੀ ਇਹ ਐਂਥ੍ਰੈਕਸ ਹੈ।” ਜਿਨ੍ਹਾਂ ਜੱਜਾਂ ਨੂੰ ਪੱਤਰ ਮਿਲੇ ਹਨ, ਉਨ੍ਹਾਂ ‘ਚ ਜਸਟਿਸ ਸ਼ੁਜਾਤ ਅਲੀ ਖਾਨ, ਜਸਟਿਸ ਸ਼ਾਹਿਦ ਬਿਲਾਲ ਹਸਨ ਅਤੇ ਜਸਟਿਸ ਆਲੀਆ ਨੀਲਮ ਸ਼ਾਮਲ ਹਨ।
ਲਾਹੌਰ ਪੁਲਿਸ ਅਤੇ ਕਾਊਂਟਰ ਟੈਰੋਰਿਜ਼ਮ ਡਿਪਾਰਟਮੈਂਟ (ਸੀ.ਟੀ.ਡੀ.) ਦੇ ਸੀਨੀਅਰ ਅਧਿਕਾਰੀ ਐਲਐਚਸੀ ਪਹੁੰਚੇ ਅਤੇ ਉਨ੍ਹਾਂ ਪੱਤਰਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਘਟਨਾ ਤੋਂ ਬਾਅਦ LHC ਦੇ ਜੱਜਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਿਸ ਨੇ ਪੱਤਰ ਪਹੁੰਚਾਉਣ ਵਾਲੇ ਕੋਰੀਅਰ ਕੰਪਨੀ ਦੇ ਕਰਮਚਾਰੀ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਪੁੱਛਗਿੱਛ ਲਈ ਕਿਸੇ ਅਣਦੱਸੀ ਥਾਂ ‘ਤੇ ਲੈ ਗਈ।