1 ਅਪ੍ਰੈਲ 2024: ਪਟਿਆਲਾ ‘ਚ ਕੇਕ ਖਾਣ ਕਾਰਨ 10 ਸਾਲਾ ਬੱਚੀ ਦੀ ਮੌਤ ਦੇ ਮਾਮਲੇ ‘ਚ ਪੁਲਿਸ ਨੇ ਬੇਕਰੀ ਮਾਲਕ ਸਮੇਤ 4 ਲੋਕਾਂ ‘ਤੇ ਇਰਾਦਾ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲੀਸ ਨੇ ਤਿੰਨ ਮੁਲਜ਼ਮਾਂ ਰਾਜਜੀਤ ਸਿੰਘ, ਪਵਨ ਕੁਮਾਰ ਅਤੇ ਵਿਜੇ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂਕਿ ਬੇਕਰੀ ਮਾਲਕ ਗੁਰਮੀਤ ਸਿੰਘ ਵਾਸੀ ਗਰੀਨ ਬੀਊ ਕਲੋਨੀ ਪਟਿਆਲਾ ਹਾਲੇ ਫ਼ਰਾਰ ਹੈ। ਪੁਲਿਸ ਵੱਲੋਂ ਉਸ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਫੜੇ ਗਏ ਮੁਲਜ਼ਮਾਂ ਵਿੱਚ ਬੇਕਰੀ ਦਾ ਮੈਨੇਜਰ ਅਤੇ ਮੁਲਾਜ਼ਮ ਸ਼ਾਮਲ ਹਨ।
ਦਰਅਸਲ, 24 ਮਾਰਚ ਨੂੰ ਅਮਨ ਨਗਰ ਦੀ ਰਹਿਣ ਵਾਲੀ 10 ਸਾਲਾ ਮਾਨਵੀ ਦਾ ਜਨਮ ਦਿਨ ਸੀ। ਉਹ ਪਿਛਲੇ ਕੁਝ ਸਾਲਾਂ ਤੋਂ ਆਪਣੀ ਮਾਂ ਕਾਜਲ ਅਤੇ ਛੋਟੀ ਭੈਣ ਨਾਲ ਆਪਣੇ ਨਾਨਾ-ਨਾਨੀ ਦੇ ਘਰ ਰਹਿ ਰਹੀ ਹੈ। ਮਾਤਾ ਕਾਜਲ ਆਈ ਪਾਰਕ ਮੋਹਾਲੀ ਵਿੱਚ ਕੰਮ ਕਰਦੀ ਹੈ। ਮਾਂ ਮੁਤਾਬਕ ਉਸ ਨੇ ਸ਼ਾਮ ਕਰੀਬ ਛੇ ਵਜੇ ਕੇਕ ਆਨਲਾਈਨ ਆਰਡਰ ਕੀਤਾ ਸੀ। ਕੇਕ 6:30 ਵਜੇ ਘਰ ਪਹੁੰਚਾਇਆ ਗਿਆ।
ਕਰੀਬ 7:15 ‘ਤੇ ਮਾਨਵੀ ਨੇ ਪੂਰੇ ਪਰਿਵਾਰ ਦੀ ਮੌਜੂਦਗੀ ‘ਚ ਬੜੀ ਖੁਸ਼ੀ ਨਾਲ ਕੇਕ ਕੱਟਿਆ ਅਤੇ ਸਾਰਿਆਂ ਨੇ ਖਾਧਾ। ਪਰ ਕੁਝ ਸਮੇਂ ਬਾਅਦ ਮਾਨਵੀ ਸਮੇਤ ਪਰਿਵਾਰ ਦੇ ਹੋਰ ਮੈਂਬਰਾਂ ਦੀ ਸਿਹਤ ਵਿਗੜਨ ਲੱਗੀ। ਹਰ ਕੋਈ ਉਲਟੀਆਂ ਕਰਨ ਲੱਗ ਪਿਆ। ਜਦੋਂ 10 ਸਾਲ ਦੀ ਮਾਨਵੀ ਦੀ ਸਿਹਤ ਵਿਗੜ ਗਈ ਤਾਂ ਉਸ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਅਗਲੀ ਸਵੇਰ 25 ਮਾਰਚ ਨੂੰ ਮਾਨਵੀ ਦੀ ਹਸਪਤਾਲ ਵਿੱਚ ਮੌਤ ਹੋ ਗਈ। ਪੁਲੀਸ ਅਨੁਸਾਰ ਪਹਿਲੇ ਕੇਸ ਵਿੱਚ ਧਾਰਾ 174 ਸੀਆਰਪੀਸੀ ਤਹਿਤ ਕਾਰਵਾਈ ਕੀਤੀ ਗਈ ਸੀ। ਪਰ ਬਾਅਦ ‘ਚ ਪਰਿਵਾਰ ਨੇ ਡਰ ਜ਼ਾਹਰ ਕੀਤਾ ਕਿ ਕੇਕ ਖਾਣ ਨਾਲ ਮਾਨਵੀ ਦੀ ਮੌਤ ਹੋ ਸਕਦੀ ਹੈ। ਇਸ ਲਈ ਪੁਲਸ ਨੇ ਹੁਣ ਮਾਂ ਕਾਜਲ ਦੇ ਬਿਆਨ ‘ਤੇ ਮਾਮਲਾ ਦਰਜ ਕਰ ਲਿਆ ਹੈ।
ਮਾਨਵੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ
ਪੀੜਤ ਪਰਿਵਾਰ ਮੁਤਾਬਕ ਮਾਨਵੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਉਸ ਨੇ ਪੰਜਵੀਂ ਜਮਾਤ ਦੇ ਪੇਪਰ ਦਿੱਤੇ ਸਨ ਅਤੇ ਚੰਗੇ ਅੰਕਾਂ ਨਾਲ ਪਾਸ ਹੋਈ ਸੀ। ਪਰਿਵਾਰ ਨੇ ਸਿਹਤ ਵਿਭਾਗ ‘ਤੇ ਮਾਮਲੇ ‘ਚ ਬਣਦੀ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਬਾਕੀ ਬਚੇ ਕੇਕ ਦੇ ਸੈਂਪਲ ਲੈ ਕੇ ਜਾਂਚ ਲਈ ਐਫਐਸਐਲ ਲੈਬ ਵਿੱਚ ਭੇਜ ਦਿੱਤੇ ਗਏ ਹਨ।