26 ਮਾਰਚ 2024: 25 ਅਤੇ 26 ਮਾਰਚ ਦੀ ਵਿਚਕਾਰਲੀ ਰਾਤ ਨੂੰ ਬਲੋਚਿਸਤਾਨ ਵਿੱਚ ਪਾਕਿਸਤਾਨ ਦੇ ਦੂਜੇ ਸਭ ਤੋਂ ਵੱਡੇ ਜਲ ਸੈਨਾ ਅੱਡੇ ਉੱਤੇ ਇੱਕ ਅੱਤਵਾਦੀ ਹਮਲਾ ਹੋਇਆ। ਇਸ ‘ਚ ਇਕ ਫੌਜੀ ਦੀ ਮੌਤ ਹੋ ਗਈ। ਜਦਕਿ ਸੁਰੱਖਿਆ ਬਲਾਂ ਨੇ 4 ਅੱਤਵਾਦੀਆਂ ਨੂੰ ਮਾਰ ਦਿੱਤਾ। ਮਾਰੇ ਗਏ ਅੱਤਵਾਦੀਆਂ ਕੋਲੋਂ ਵੱਡੀ ਗਿਣਤੀ ‘ਚ ਵਿਸਫੋਟਕ ਅਤੇ ਹਥਿਆਰ ਮਿਲੇ ਹਨ।
ਬਲੋਚ ਲਿਬਰੇਸ਼ਨ ਆਰਮੀ (BLA) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਬੀਐਲਏ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਲੜਾਕੇ ਬਲੋਚਿਸਤਾਨ ਵਿੱਚ ਚੀਨ ਦੇ ਨਿਵੇਸ਼ ਦੇ ਖ਼ਿਲਾਫ਼ ਬਲੋਚਿਸਤਾਨ ਦੇ ਤੁਰਬਤ ਸ਼ਹਿਰ ਵਿੱਚ ਸਥਿਤ ਨੇਵੀ ਬੇਸ ਵਿੱਚ ਦਾਖ਼ਲ ਹੋਏ ਸਨ। ਇੱਥੇ ਚੀਨੀ ਡਰੋਨ ਤਾਇਨਾਤ ਕੀਤੇ ਗਏ ਸਨ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਅਪਰੇਸ਼ਨ ਦੌਰਾਨ ਇੱਕ ਫ਼ੌਜੀ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਜਵਾਨਾਂ ਨੇ ਦੇਸ਼ ਨੂੰ ਵੱਡੇ ਨੁਕਸਾਨ ਤੋਂ ਬਚਾਇਆ ਹੈ।
ਬੀਐਲਏ ਦਾ 7 ਦਿਨਾਂ ਵਿੱਚ ਦੂਜਾ ਹਮਲਾ
ਬਲੋਚ ਲਿਬਰੇਸ਼ਨ ਆਰਮੀ ਦੇ ਮਜੀਦ ਬ੍ਰਿਗੇਡ ਵੱਲੋਂ ਜਲ ਸੈਨਾ ਦੇ ਅੱਡੇ ‘ਤੇ ਕੀਤਾ ਗਿਆ ਹਮਲਾ ਇਸ ਹਫ਼ਤੇ ਕੀਤਾ ਗਿਆ ਦੂਜਾ ਹਮਲਾ ਹੈ। ਇਸ ਤੋਂ ਪਹਿਲਾਂ 20 ਮਾਰਚ ਨੂੰ ਇਸ ਸੰਗਠਨ ਨੇ ਗਵਾਦਰ ‘ਚ ਮਿਲਟਰੀ ਇੰਟੈਲੀਜੈਂਸ ਦੇ ਹੈੱਡਕੁਆਰਟਰ ‘ਤੇ ਹਮਲਾ ਕੀਤਾ ਸੀ। ਇਸ ‘ਚ 2 ਪਾਕਿਸਤਾਨੀ ਫੌਜੀ ਮਾਰੇ ਗਏ, ਜਦਕਿ ਸੁਰੱਖਿਆ ਬਲਾਂ ਨੇ 8 ਅੱਤਵਾਦੀਆਂ ਨੂੰ ਮਾਰ ਦਿੱਤਾ।
ਗਵਾਦਰ ਵਿੱਚ ਬੀਐਲਏ ਦੇ ਹਮਲੇ ਦੇ ਚੀਨ ਨਾਲ ਵੀ ਸਬੰਧ ਹਨ। ਦਰਅਸਲ, ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਦੇ ਤਹਿਤ ਗਵਾਦਰ ਬੰਦਰਗਾਹ ਦਾ ਜ਼ਿਆਦਾਤਰ ਪ੍ਰਬੰਧਨ ਚੀਨੀ ਕੰਪਨੀਆਂ ਕੋਲ ਹੈ।
ਡੇਰਾ ਇਸਮਾਈਲ ਖਾਨ ‘ਚ 4 ਅੱਤਵਾਦੀ ਵੀ ਮਾਰੇ ਗਏ
ਜੀਓ ਨਿਊਜ਼ ਮੁਤਾਬਕ ਪਾਕਿਸਤਾਨ ਦੇ ਸੁਰੱਖਿਆ ਬਲਾਂ ਨੇ 25 ਮਾਰਚ ਨੂੰ ਡੇਰਾ ਇਸਮਾਈਲ ਖਾਨ ‘ਚ ਵੀ ਸਪੈਸ਼ਲ ਆਪਰੇਸ਼ਨ ਚਲਾਇਆ ਸੀ। ਇਸ ‘ਚ 4 ਅੱਤਵਾਦੀ ਮਾਰੇ ਗਏ। ਪਾਕਿਸਤਾਨੀ ਫੌਜ ਮੁਤਾਬਕ ਇਹ ਅੱਤਵਾਦੀ ਦੇਸ਼ ਵਿੱਚ ਕਈ ਹਮਲਿਆਂ ਲਈ ਜ਼ਿੰਮੇਵਾਰ ਸਨ। ਉਨ੍ਹਾਂ ਦੇ ਹਮਲਿਆਂ ਵਿੱਚ ਕਈ ਸੁਰੱਖਿਆ ਕਰਮਚਾਰੀ ਅਤੇ ਆਮ ਨਾਗਰਿਕ ਮਾਰੇ ਗਏ ਸਨ।