18 ਮਾਰਚ 2024: ਪੱਛਮੀ ਬੰਗਾਲ ਦੇ ਕੋਲਕਾਤਾ ਵਿੱਚ ਐਤਵਾਰ ਦੇਰ ਰਾਤ ਇੱਕ 5 ਮੰਜ਼ਿਲਾ ਉਸਾਰੀ ਅਧੀਨ ਇਮਾਰਤ ਢਹਿ ਢੇਰੀ ਹੋ ਗਈ। ਇਹ ਘਟਨਾ ਦੱਖਣੀ ਕੋਲਕਾਤਾ ਦੇ ਮੇਟੀਆਬਰੂਜ਼ ‘ਚ ਵਾਪਰੀ। ਹੁਣ ਤੱਕ 10 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਮਲਬੇ ਹੇਠਾਂ ਕਈ ਹੋਰ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ।
ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੇ ਸਮੇਂ ਇਮਾਰਤ ਖਾਲੀ ਸੀ। ਇਸ ਦੇ ਨਾਲ ਹੀ ਝੁੱਗੀਆਂ ਹਨ, ਜਿਸ ‘ਤੇ ਇਮਾਰਤ ਡਿੱਗ ਗਈ। ਉਥੇ ਲੋਕ ਸੁੱਤੇ ਪਏ ਸਨ। ਅਜੇ ਤੱਕ ਕਿਸੇ ਦੀ ਮੌਤ ਦੀ ਖਬਰ ਨਹੀਂ ਹੈ। ਲੋਕਾਂ ਦੀ ਭਾਲ ਲਈ ਗੈਸ ਕਟਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਕੋਲਕਾਤਾ ਪੁਲਿਸ, ਆਫ਼ਤ ਪ੍ਰਬੰਧਨ ਅਤੇ ਫਾਇਰ ਸਰਵਿਸ ਦੀਆਂ ਟੀਮਾਂ ਮੌਕੇ ‘ਤੇ ਮੌਜੂਦ ਹਨ। ਕਈ ਐਂਬੂਲੈਂਸਾਂ ਵੀ ਤਾਇਨਾਤ ਹਨ। ਪੁਲਿਸ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਦਾ ਇਲਾਕਾ ਭੀੜ ਵਾਲਾ ਹੈ। ਇਸ ਲਈ ਸਰਚ ਆਪਰੇਸ਼ਨ ‘ਚ ਸਾਵਧਾਨੀ ਵਰਤੀ ਜਾ ਰਹੀ ਹੈ।
ਸਥਾਨਕ ਲੋਕਾਂ ਨੇ ਲਗਾਏ ਨਾਜਾਇਜ਼ ਉਸਾਰੀ ਦੇ ਦੋਸ਼
ਪੁਲੀਸ ਅਨੁਸਾਰ ਪਿਛਲੇ ਛੇ ਮਹੀਨਿਆਂ ਤੋਂ ਡਿੱਗੀ ਇਮਾਰਤ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਸੀ। ਸਥਾਨਕ ਲੋਕਾਂ ਦਾ ਇਲਜ਼ਾਮ ਹੈ ਕਿ ਕੋਲਕਾਤਾ ਨਗਰ ਨਿਗਮ ਅਤੇ ਪੁਲਿਸ ਦੀ ਇਜਾਜ਼ਤ ਤੋਂ ਬਿਨਾਂ ਉਸਾਰੀ ਦਾ ਕੰਮ ਚੱਲ ਰਿਹਾ ਸੀ।
ਭਾਜਪਾ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਸੁਵੇਂਦੂ ਅਧਿਕਾਰੀ ਨੇ ਇਸ ਘਟਨਾ ਬਾਰੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਪੋਸਟ ਕੀਤਾ। ਹਾਦਸੇ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ- ਮੇਟਿਆਬਰੂਜ਼ ਦੇ ਗਾਰਡਨ ਰੀਚ ਇਲਾਕੇ ਦੇ ਹਜ਼ਾਰੀ ਮੋਲਾ ਬਾਗਾਨ ‘ਚ ਗੈਰ-ਕਾਨੂੰਨੀ ਤੌਰ ‘ਤੇ ਬਣੀ 5 ਮੰਜ਼ਿਲਾ ਇਮਾਰਤ ਡਿੱਗ ਗਈ ਹੈ। ਇਹ ਖੇਤਰ ਕੋਲਕਾਤਾ ਦੇ ਮੇਅਰ ਅਤੇ ਮਿਉਂਸਪਲ ਮਾਮਲਿਆਂ ਦੇ ਮੰਤਰੀ ਦਾ ਗੜ੍ਹ ਹੈ।