10 ਮਾਰਚ 2024: ਮੁਹਾਲੀ ਪੁਲੀਸ ਨੇ ਜੰਮੂ ਦੇ ਬਦਨਾਮ ਗੈਂਗਸਟਰ ਰਾਜੇਸ਼ ਡੋਗਰਾ ਉਰਫ਼ ਮੋਹਨ ਚੀਅਰ ਦੀ ਏਅਰਪੋਰਟ ਰੋਡ ’ਤੇ ਇੱਕ ਮਾਲ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਪੰਜ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਰੇ ਉੱਤਰ ਪ੍ਰਦੇਸ਼ ਤੋਂ ਫੜੇ ਗਏ ਹਨ। ਇਨ੍ਹਾਂ ਵਿੱਚ ਜੰਮੂ ਪੁਲੀਸ ਦੇ ਦੋ ਮੁਅੱਤਲ ਮੁਲਾਜ਼ਮ ਵੀ ਸ਼ਾਮਲ ਹਨ। ਮੁਲਜ਼ਮਾਂ ਕੋਲੋਂ ਛੇ ਹਥਿਆਰ, 71 ਕਾਰਤੂਸ ਅਤੇ ਚਾਰ ਵਾਹਨ ਬਰਾਮਦ ਕੀਤੇ ਗਏ ਹਨ।
ਫੜੇ ਗਏ ਮੁਲਜ਼ਮਾਂ ਦੀ ਪਛਾਣ ਅਨਿਲ ਸਿੰਘ ਉਰਫ ਬਿੱਲਾ ਵਾਸੀ ਪਿੰਡ ਗੁੱਡਾ ਸਲਾਬੀਆ, ਜ਼ਿਲ੍ਹਾ ਸਾਂਬਾ (ਜੰਮੂ), ਸ਼ਿਆਮ ਲਾਲ ਵਾਸੀ ਪਿੰਡ ਕਿਰਮੋ ਜ਼ਿਲ੍ਹਾ ਊਧਮਪੁਰ (ਜੰਮੂ), ਹਰਪ੍ਰੀਤ ਸਿੰਘ ਉਰਫ਼ ਪ੍ਰੀਤ ਵਾਸੀ ਬੀ-67 ਗਣਪਤੀ ਐਨਕਲੇਵ ਜ਼ਿਲ੍ਹਾ ਮੇਰਠ (ਯੂ.ਪੀ.) ਵਜੋਂ ਹੋਈ ਹੈ। ), ਸਤਵੀਰ ਸਿੰਘ ਉਰਫ਼ ਬੱਬੂ ਵਾਸੀ ਪਿੰਡ ਸ਼ਾਹਗੜ੍ਹ ਥਾਣਾ, ਜ਼ਿਲ੍ਹਾ ਪੀਲੀਭੀਤ (ਯੂ.ਪੀ.) ਅਤੇ ਸੰਦੀਪ ਸਿੰਘ ਉਰਫ਼ ਸੋਨੀ, ਵਾਸੀ ਪਿੰਡ ਹਲਕਾ ਤਲੀ ਥਾਣਾ ਮਾਲੇਪੁਰ, ਜ਼ਿਲ੍ਹਾ ਫਤਹਿਗੜ੍ਹ ਸਾਹਿਬ (ਪੰਜਾਬ) ਸ਼ਾਮਲ ਹਨ। ਇਨ੍ਹਾਂ ਵਿੱਚੋਂ ਅਨਿਲ ਸਿੰਘ ਉਰਫ਼ ਬਿੱਲਾ ਅਤੇ ਸ਼ਿਆਮ ਲਾਲ ਜੰਮੂ ਪੁਲੀਸ ਦੇ ਮੁਅੱਤਲ ਮੁਲਾਜ਼ਮ ਹਨ। ਪੁਲੀਸ ਨੇ ਮੁਲਜ਼ਮਾਂ ਨੂੰ ਸ਼ਾਹਗੜ੍ਹ, ਜ਼ਿਲ੍ਹਾ ਪੀਲੀਭੀਤ (ਯੂਪੀ) ਤੋਂ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਪੰਜਾਂ ਨੂੰ ਸੱਤ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ।
ਗੈਂਗਸਟਰ ਰਾਜੇਸ਼ ਡੋਗਰਾ ਦਾ 4 ਮਾਰਚ ਨੂੰ ਦੁਪਹਿਰ 12.30 ਵਜੇ ਦੇ ਕਰੀਬ ਕਤਲ ਕਰ ਦਿੱਤਾ ਗਿਆ ਸੀ। ਤਿੰਨ ਗੱਡੀਆਂ ‘ਚ ਆਏ ਹਮਲਾਵਰਾਂ ਨੇ ਡੋਗਰਾ ‘ਤੇ 25 ਰਾਉਂਡ ਫਾਇਰ ਕੀਤੇ। ਮੁਲਜ਼ਮਾਂ ਖ਼ਿਲਾਫ਼ ਥਾਣਾ ਫੇਜ਼-11 ਵਿੱਚ ਆਈਪੀਸੀ ਦੀ ਧਾਰਾ 302, 120ਬੀ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ।