6 ਮਾਰਚ 2024: ਸਹਿਕਾਰੀ ਖੰਡ ਮਿੱਲ ਪੰਨਿਆੜ ਦੇ ਜੀਐੱਮ ਸਰਬਜੀਤ ਸਿੰਘ ਹੁੰਦਲ ਨੇ ਦੱਸਿਆ ਹੈ ਕਿ ਮਿੱਲ ਵਿਚ ਈਥੇਨੌਲ ਪ੍ਰਾਜੈਕਟ ਲਗਾਉਣ ਦੀ ਯੋਜਨਾ 2021-22 ’ਚ ਬਣਾਈ ਗਈ ਸੀ ਪਰ ਸਰਕਾਰ ਵੱਲੋਂ ਫੰਡਾਂ ਦੀ ਘਾਟ ਕਾਰਨ ਇਹ ਸਕੀਮ ਅੱਜ ਤੱਕ ਸਿਰੇ ਨਹੀਂ ਚੜੀ, ਕਿਉਂਕਿ ਸਹਿਕਾਰੀ ਅਦਾਰੇ ਨੇ ਉਨ੍ਹਾਂ ਨੂੰ ਕਰਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਗੁਰਦਾਸਪੁਰ: ਮੰਗਲਵਾਰ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੇਸ਼ ਕੀਤੇ ਗਏ ਸਾਲਾਨਾ ਬਜਟ ’ਚ ਵਿੱਤ ਮੰਤਰੀ ਹਰਪਾਲ ਚੀਮਾ ਨੇ ਗੁਰਦਾਸਪੁਰ ਨੂੰ ਵੱਡੀ ਸੌਗ਼ਾਤ ਦਿੱਤੀ ਹੈ। ਉਨ੍ਹਾਂ ਵੱਲੋਂ ਬਜਟ ’ਚ ਸਹਿਕਾਰੀ ਖੰਡ ਮਿੱਲ ਪੰਨਿਆੜ (ਗੁਰਦਾਸਪੁਰ) ਵਿਚ ਈਥੇਨੌਲ ਪਲਾਂਟ ਲਗਾਉਣ ਲਈ 24 ਕਰੋੜ ਰੁਪਏ ਰੱਖੇ ਗਏ ਹਨ। ਜਿਸ ਤੋਂ ਬਾਅਦ ਘਾਟੇ ’ਚ ਚੱਲ ਰਹੀ ਖੰਡ ਮਿੱਲ ਦੇ ਪੈਰਾਂ ’ਤੇ ਖੜ੍ਹੇ ਹੋਣ ਦੀ ਉਮੀਦ ਜਾਗ ਗਈ ਹੈ। ਇਸ ਨਾਲ ਇਸ ਮਿੱਲ ਲਈ ਜਿੱਥੇ ਕਰੋੜਾਂ ਰੁਪਏ ਦੀ ਆਮਦਨ ਦਾ ਜ਼ਰੀਆ ਪੈਦਾ ਹੋਵੇਗਾ ਉਥੇ ਸੈਂਕੜੇ ਨਵੀਆਂ ਪੋਸਟਾਂ ਵੀ ਪੈਦਾ ਹੋਣਗੀਆਂ। ਇਸ ਤੋਂ ਇਲਾਵਾ ਮਿੱਲ ਵਿਚ ਕਈ ਨਵੇਂ ਉਤਪਾਦ ਲਾਂਚ ਕਰਨ ਦੀ ਯੋਜਨਾ ਵੀ ਬਣਾਈ ਗਈ ਹੈ।