2 ਮਾਰਚ 2024: ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਰਾਸ਼ਟਰਪਤੀ ਚੋਣ ਲਈ 9 ਮਾਰਚ ਨੂੰ ਵੋਟਿੰਗ ਹੋਵੇਗੀ, ਜਿਸ ਨਾਲ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦਾ ਕਰੀਬ 11 ਸਾਲਾਂ ਬਾਅਦ ਉੱਚ ਸੰਵਿਧਾਨਕ ਅਹੁਦਾ ਮੁੜ ਹਾਸਲ ਕਰਨਾ ਲਗਭਗ ਤੈਅ ਹੈ।
ਪਾਕਿਸਤਾਨ ਦੇ ਚੋਣ ਕਮਿਸ਼ਨ (ਈਸੀਪੀ) ਨੇ ਇੱਕ ਨੋਟਿਸ ਵਿੱਚ ਕਿਹਾ ਹੈ ਕਿ ਰਾਸ਼ਟਰਪਤੀ ਦੀ ਚੋਣ 9 ਮਾਰਚ ਨੂੰ ਨੈਸ਼ਨਲ ਅਸੈਂਬਲੀ ਅਤੇ ਸਾਰੀਆਂ ਸੂਬਾਈ ਅਸੈਂਬਲੀਆਂ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ। ਸਬੰਧਤ ਅਹੁਦਿਆਂ ਲਈ ਉਮੀਦਵਾਰ ਸ਼ਨੀਵਾਰ ਦੁਪਹਿਰ ਤੋਂ ਪਹਿਲਾਂ ਲਾਹੌਰ, ਕਰਾਚੀ, ਪੇਸ਼ਾਵਰ ਅਤੇ ਕਵੇਟਾ ਵਿੱਚ ਚੋਣ ਅਧਿਕਾਰੀਆਂ ਕੋਲ ਨਾਮਜ਼ਦਗੀ ਪੱਤਰ ਦਾਖਲ ਕਰ ਸਕਦੇ ਹਨ।
ਚੋਣ ਕਮਿਸ਼ਨ ਨੇ ਕਿਹਾ ਕਿ ਨਾਮਜ਼ਦਗੀ ਪੱਤਰਾਂ ਦੀ ਛਾਂਟੀ ਅਧਿਕਾਰੀਆਂ ਵੱਲੋਂ 4 ਮਾਰਚ ਨੂੰ ਕੀਤੀ ਜਾਵੇਗੀ ਅਤੇ ਅਗਲੇ ਦਿਨ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਹਨ। ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੂੰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਨੇਤਾ ਸ਼ਾਹਬਾਜ਼ ਸ਼ਰੀਫ ਦੀ ਅਗਵਾਈ ਵਾਲੇ ਛੇ-ਪਾਰਟੀ ਗਠਜੋੜ ਨੇ ਚੋਟੀ ਦੇ ਅਹੁਦੇ ਲਈ ਨਾਮਜ਼ਦ ਕੀਤਾ ਹੈ। ਇਸ ਕਾਰਨ ਜ਼ਰਦਾਰੀ ਦੀ ਜਿੱਤ ਲਗਭਗ ਤੈਅ ਮੰਨੀ ਜਾ ਰਹੀ ਹੈ। ਗਠਜੋੜ ਵਿੱਚ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ), ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਅਤੇ ਮੁਤਾਹਿਦਾ ਕੌਮੀ ਮੂਵਮੈਂਟ-ਪਾਕਿਸਤਾਨ (ਐਮਕਿਊਐਮ-ਪੀ) ਸਮੇਤ ਹੋਰ ਪਾਰਟੀਆਂ ਸ਼ਾਮਲ ਹਨ।