ਲੰਡਨ, ਓਨਟੈਰੀਓ ਇੱਕ ਜੱਜ ਨੇ ਨਥੈਨੀਏਲ ਵੇਲਟਮੈਨ ਨੂੰ ਇੱਕ ਮਾਮਲੇ ਵਿੱਚ ਸਜ਼ਾ ਸੁਣਾਈ ਹੈ, ਜਿਸਨੂੰ ਜੂਨ 2021 ਵਿੱਚ ਇੱਕ ਮੁਸਲਿਮ ਪਰਿਵਾਰ ਦੇ ਚਾਰ ਮੈਂਬਰਾਂ ਦੀ ਹੱਤਿਆ ਅਤੇ ਇੱਕ ਨੌਜਵਾਨ ਮੁੰਡੇ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ। 23 ਸਾਲਾ ਵੇਲਟਮੈਨ ਨੂੰ ਨਵੰਬਰ ਦੇ ਮਹੀਨੇ ਚ 6 ਜੂਨ 2021 ਨੂੰ ਸੈਰ ਕਰਨ ਲਈ ਬਾਹਰ ਨਿਕਲਣ ਵੇਲੇ ਅਫਜ਼ਲ ਪਰਿਵਾਰ ਨੂੰ ਉਸਦੇ ਟਰੱਕ ਨਾਲ ਟੱਕਰ ਮਾਰਨ ਲਈ ਫਸਟ-ਡਿਗਰੀ ਕਤਲ ਦੇ ਚਾਰ ਮਾਮਲਿਆਂ ਅਤੇ ਕਤਲ ਦੀ ਕੋਸ਼ਿਸ਼ ਦੇ ਇੱਕ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਸੀ।
ਜਿਸ ਵਿੱਚ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਕੇ ਤੇ ਮੌਤ ਹੋ ਗਈ ਸੀ ਅਤੇ ਇੱਕ 9 ਸਾਲਾ ਦਾ ਬੱਚਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ। ਵੀਰਵਾਰ ਨੂੰ ਇਸ ਮਾਮਲੇ ਤੇ ਸੁਣਵਾਈ ਕਰਦੇ ਹੋਏ ਜੱਜ ਨੇ ਫੈਸਲਾ ਸੁਣਾਇਆ ਕਿ ਵੇਲਟਮੈਨ ਦੀਆਂ ਕਾਰਵਾਈਆਂ “ਅੱਤਵਾਦੀ ਗਤੀਵਿਧੀ ਦਾ ਗਠਨ ਕਰਦੀਆਂ ਹਨ। ਜੱਜ ਨੇ ਵੇਲਟਮੈਨ ਨੂੰ ਅਫਜ਼ਲ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਲਈ ਚਾਰ ਉਮਰ ਕੈਦ ਦੀ ਸਜ਼ਾ ਦਿੱਤੀ। ਅਤੇ ਉਸ ਸਮੇਂ ਅਫਜ਼ਲ ਦੇ ਨੌਂ ਸਾਲਾ ਪੁੱਤਰ ਨੂੰ ਮਾਰਨ ਦੀ ਕੋਸ਼ਿਸ਼ ਦਾ ਦੋਸ਼ੀ ਠਹਿਰਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਵੀ ਸੁਣਾਈ, ਜਿਸ ਨਾਲ ਦੋਸ਼ੀ ਨੂੰ ਕੁੱਲ ਪੰਜ ਉਮਰ ਕੈਦ ਦੀ ਸਜ਼ਾ ਹੋਈ।
ਇਸ ਦੌਰਾਨ ਅਦਾਲਤ ਨੂੰ ਸੰਬੋਧਿਤ ਕਰਦੇ ਹੋਏ, ਜੱਜ ਨੇ ਕਿਹਾ ਕਿ ਉਹ ਸਜ਼ਾ ਦੇ ਦੌਰਾਨ ਵੇਲਟਮੈਨ ਦੇ ਨਾਮ ਦੀ ਵਰਤੋਂ ਨਹੀਂ ਕਰ ਰਹੀ ਹੈ ਕਿਉਂਕਿ ਉਹ ਇਸ ਸ਼ਖਸ ਦੇ ਵਰਗੇ ਹੋਰਾਂ ਨੂੰ ਪਲੇਟਫਾਰਮ ਨਹੀਂ ਦੇਣਾ ਚਾਹੁੰਦੀ, ਅਤੇ ਸਿਰਫ ਉਸਨੂੰ ਅਪਰਾਧੀ ਦੇ ਤੌਰ ‘ਤੇ ਹੀ ਜਾਣਿਆ ਜਾਵੇਗਾ। ਜੱਜ ਨੇ ਅੱਗੇ ਕਿਹਾ ਕਿ ਇਹ ਇੱਕ ਯੋਜਨਾਬੱਧ ਅਤੇ ਜਾਣਬੁੱਝ ਕੇ ਕੀਤਾ ਹਮਲਾ ਸੀ ਜਿਸਦਾ ਉਦੇਸ਼ ਜਨਤਾ ਦੇ ਇੱਕ ਹਿੱਸੇ ਨੂੰ ਡਰਾਉਣਾ ਸੀ, ਅਤੇ ਕਿਹਾ ਕਿ ਦੋਸ਼ੀ, ਅਪਮਾਨਜਨਕ ਅਤੇ ਨਸਲਵਾਦੀ ਵਿਚਾਰਾਂ ਵਾਲਾ ਇੱਕ ਸਵੈ-ਘੋਸ਼ਿਤ ਗੋਰਾ ਰਾਸ਼ਟਰਵਾਦੀ ਹੈ।