SFJ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਦੇ ਮਾਮਲੇ ਵਿੱਚ ਅਮਰੀਕਾ ਨੂੰ ਚੈੱਕ ਰਿਪਬਲਿਕ ਦੀ ਸੁਪਰੀਮ ਕੋਰਟ ਤੋਂ ਝਟਕਾ ਲੱਗਿਆ ਹੈ। ਚੈੱਕ ਰਿਪਬਲਿਕ ਨੇ ਭਾਰਤੀ ਨਾਗਰਿਕ ਨਿਖਿਲ ਗੁਪਤਾ ਦੀ ਅਮਰੀਕਾ ਨੂੰ ਹਵਾਲਗੀ ‘ਤੇ ਰੋਕ ਲਗਾ ਦਿੱਤੀ ਹੈ, ਕਿਉਂਕਿ ਇਸ ਮਾਮਲੇ ਚ ਹੁਣ ਚੈੱਕ ਸੰਵਿਧਾਨਕ ਅਦਾਲਤ ਦੇ ਫੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ। ਚੈੱਕ ਮੰਤਰਾਲੇ ਦੇ ਬੁਲਾਰੇ ਵਲਾਡੀਮੀਰ ਰੇਪਕਾ ਨੇ ਦੱਸਿਆ ਕਿ ਨਿਖਿਲ ਗੁਪਤਾ ਦੀ ਹਵਾਲਗੀ ਦੀ ਕਾਰਵਾਈ ਫਿਲਹਾਲ ਉਦੋਂ ਤੱਕ ਮੁਅੱਤਲ ਹੈ ਜਦੋਂ ਤੱਕ ਸੰਵਿਧਾਨਕ ਅਦਾਲਤ ਕੋਈ ਫੈਸਲਾ ਨਹੀਂ ਲੈਂਦੀ। ਉਸਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਇਹ ਕਦੋਂ ਹੋਵੇਗਾ। ਬੁਲਾਰੇ ਨੇ ਅੱਗੇ ਬਚਾਅ ਪੱਖ ਦੀ ਸੰਭਾਵਿਤ ਪਹੁੰਚ ਨੂੰ ਉਜਾਗਰ ਕਰਦੇ ਹੋਏ ਕਿਹਾ, ਕਿ “MOJ ਨੇ ਇਸਦੀ ਉਮੀਦ ਕੀਤੀ ਸੀ। ਕਿਉਂਕਿ ਬੇਨਤੀ ਕੀਤੀ ਪਾਰਟੀ ਤੋਂ ਹਵਾਲਗੀ ਨੂੰ ਰੋਕਣ ਲਈ ਸਾਰੇ ਉਪਲਬਧ ਸਾਧਨਾਂ ਦੀ ਵਰਤੋਂ ਕਰਨ ਦੀ ਉਮੀਦ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨਿਖਿਲ ਗੁਪਤਾ ਨੂੰ ਅਮਰੀਕਾ ਦੇ ਏਜੰਟ ਦੀ ਜਾਣਕਾਰੀ ਦੇ ਕਾਰਵਾਈ ਕੀਤੀ ਗਈ ਸੀ। ਦਰਅਸਲ ਇਲਜ਼ਾਮ ਹਨ ਕਿ ਨਿਖਿਲ ਗੁਪਤਾ ਨੂੰ ਇੱਕ ਭਾਰਤੀ ਏਜੰਟ ਨੇ SFJ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਜ਼ਿੰਮੇਵਾਰੀ ਸੌਂਪੀ ਸੀ। ਜਿਸ ਤੋਂ ਬਾਅਦ ਨਿਖਿਲ ਗੁਪਤਾ ਨੇ ਜਿਸ ਸ਼ਖਸ ਨੂੰ ਪੰਨੂ ਨੂੰ ਮਾਰਨ ਦੀ ਜ਼ਿੰਮੇਵਾਰੀ ਦਿੱਤੀ ਸੀ ਉਹ ਅਮਰੀਕੀ ਖੁਫਿਆ ਵਿਭਾਗ ਦਾ ਏਜੰਟ ਨਿਕਲਿਆ ਸੀ। ਜਿਸ ਤੋਂ ਬਾਅਦ ਚੈੱਕ ਰਿਪਬਲਿਕ ਦੀ ਪੁਲਿਸ ਨੇ ਅਮਰੀਕਾ ਦੇ ਕਹਿਣ ‘ਤੇ ਨਿਖਿਲ ਗੁਪਾਤ ਨੂੰ ਗ੍ਰਿਫਤਾਰ ਕੀਤਾ ਸੀ। ਇਸ ਮਾਮਲੇ ਵਿੱਚ ਅਮਰੀਕਾ ਨੇ ਭਾਰਤ ਨੂੰ ਸ਼ਿਕਾਇਤ ਵੀ ਕੀਤੀ ਸੀ ਜਿਸ ਤੋਂ ਬਾਅਦ ਇਸ ਦੀ ਜਾਂਚ ਕਰਵਾਉਣ ਦਾ ਭਾਰਤ ਸਰਕਾਰ ਵੱਲੋਂ ਭਰੋਸਾ ਦਿੱਤਾ ਗਿਆ ਸੀ। ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਇਸ ਮਾਮਲੇ ਨੂੰ ਲੈਕੇ ਭਾਰਤ ਵੀ ਆ ਚੁੱਕੇ ਹਨ।