18 ਜਨਵਰੀ 2024 : ਉੱਤਰੀ ਭਾਰਤ ਵਿੱਚ ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਵਿੱਚ ਪੈ ਰਹੀ ਕੜਾਕੇ ਦੀ ਠੰਢ ਨੇ ਲੋਕਾਂ ਦੀ ਹਾਲਤ ਤਰਸਯੋਗ ਕਰ ਦਿੱਤੀ ਹੈ। ਸੰਘਣੀ ਧੁੰਦ ਦੇ ਨਾਲ-ਨਾਲ ਕੜਾਕੇ ਦੀ ਠੰਢ ਨੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਦਿੱਤਾ ਹੈ। ਪੰਜਾਬ ਵਿੱਚ ਮੰਗਲਵਾਰ ਨੂੰ ਲਗਾਤਾਰ ਦੂਜੇ ਦਿਨ ਰਾਤ ਦਾ ਤਾਪਮਾਨ ਮਨਫ਼ੀ ਦਰਜ ਕੀਤਾ ਗਿਆ। ਨਵਾਂਸ਼ਹਿਰ (ਐੱਸ. ਬੀ. ਐੱਸ. ਨਗਰ) ਸੂਬੇ ‘ਚ -0.4 ਡਿਗਰੀ ‘ਤੇ ਸਭ ਤੋਂ ਠੰਡਾ ਰਿਹਾ। ਵਿਜ਼ੀਬਿਲਟੀ ਘੱਟ ਹੋਣ ਕਾਰਨ ਟ੍ਰੈਫਿਕ ਵਿਵਸਥਾ ਵੀ ਵਿਗੜ ਗਈ ਹੈ।
ਪੰਜਾਬ ਵਿੱਚ ਰਾਤ ਦਾ ਤਾਪਮਾਨ ਆਮ ਨਾਲੋਂ 1.7 ਡਿਗਰੀ ਘੱਟ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਪਟਿਆਲਾ ਦੀ ਮਰਕਲ ਕਾਲੋਨੀ ‘ਚ ਠੰਡ ਤੋਂ ਬਚਣ ਲਈ ਆਪਣੇ ਕਮਰੇ ‘ਚ ਚੁੱਲ੍ਹਾ ਲਗਾ ਕੇ ਸੁੱਤੇ ਪਏ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਸਾਰੇ ਮੂਲ ਰੂਪ ਵਿੱਚ ਬਿਹਾਰ ਦੇ ਰਹਿਣ ਵਾਲੇ ਸਨ। ਮ੍ਰਿਤਕਾਂ ਵਿੱਚ ਸ਼ਾਹਬਾਜ਼ ਖਾਨ (29), ਉਸਦੀ ਪਤਨੀ ਜ਼ਰੀਨਾ ਖਾਨ (25), ਪੰਜ ਸਾਲ ਦੀ ਬੇਟੀ ਰੁਕਈਆ ਅਤੇ ਤਿੰਨ ਸਾਲ ਦਾ ਬੇਟਾ ਅਰਮਾਨ ਸ਼ਾਮਲ ਹਨ।