ਲੁਧਿਆਣਾ 16 ਜਨਵਰੀ 2024 : ਮਹਾਨਗਰ ਵਿੱਚ ਇੱਕ ਦੁਕਾਨਦਾਰ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਦੇ ਟਿੱਬਾ ਰੋਡ ‘ਤੇ ਰਹਿਣ ਵਾਲੇ ਕੱਪੜਾ ਕਾਰੋਬਾਰੀ ਨੇ ਵੀਡੀਓ ਬਣਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਾਰੋਬਾਰੀ ਨੇ ਆਪਣੀ ਖੁਦਕੁਸ਼ੀ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾ ਦਿੱਤਾ ਹੈ, ਜਿਸ ‘ਚ ਉਸ ਨੇ ਫਿਨਾਇਲ ਦੀਆਂ ਗੋਲੀਆਂ ਖਾਣ ਦੀ ਗੱਲ ਕਹੀ ਹੈ। ਕਾਰੋਬਾਰੀ ਨੇ ਵੀਡੀਓ ‘ਚ ਕਿਹਾ ਕਿ ਮੈਂ ਬਹੁਤ ਪਰੇਸ਼ਾਨ ਹਾਂ, ਜ਼ਿੰਦਗੀ ਨੂੰ ਅਲਵਿਦਾ ਕਹਿ ਰਿਹਾ ਹਾਂ। ਦਰਅਸਲ ਉਕਤ ਕਾਰੋਬਾਰੀ ਨੇ ਉਕਤ ਕਦਮ ਉਦੋਂ ਚੁੱਕਿਆ ਜਦੋਂ ਉਹ ਇਕ ਪ੍ਰਾਪਰਟੀ ਡੀਲਰ ਤੋਂ ਪ੍ਰੇਸ਼ਾਨ ਸੀ। ਵੀਡੀਓ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਕਾਰੋਬਾਰੀ ਨੇ ਖੁਦ ‘ਤੇ ਮਿੱਟੀ ਦਾ ਤੇਲ ਪਾ ਕੇ ਖੁਦ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਥਾਣਾ ਟਿੱਬਾ ਪੁਲਿਸ ਨੇ ਵੀਡੀਓ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।