ਖਨੌਰੀ ਸਰਹੱਦ ’ਤੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੀ ਮਰਨ ਵਰਤ ਤੋੜਨ ਨੂੰ ਤਿਆਰ ਨਹੀਂ ਹਨ। ਸ਼ੁੱਕਰਵਾਰ ਨੂੰ ਉਨ੍ਹਾਂ ਦੇ ਵਰਤ ਦੇ 32 ਦਿਨ ਪੂਰੇ ਹੋ ਗਏ। ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ ਸ਼ੁੱਕਰਵਾਰ ਨੂੰ ਪੰਜਾਬ ਸਰਕਾਰ ਅਤੇ ਮੈਡੀਕਲ ਮਾਹਿਰਾਂ ਦੀ ਉੱਚ ਪੱਧਰੀ ਟੀਮ ਖਨੌਰੀ ਬਾਰਡਰ ‘ਤੇ ਪਹੁੰਚੀ ਅਤੇ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਹਸਪਤਾਲ ‘ਚ ਦਾਖਲ ਕਰਵਾ ਕੇ ਸਹੀ ਇਲਾਜ ਕਰਵਾਉਣ ਦੀ ਅਪੀਲ ਕੀਤੀ | ਪਰ ਡੱਲੇਵਾਲ ਨੇ ਸਰਕਾਰ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਅਤੇ ਸਪੱਸ਼ਟ ਕੀਤਾ ਕਿ ਉਹ ਵੱਡੇ ਕਿਸਾਨ ਆਗੂ ਬਣਨ ਲਈ ਇਹ ਲੜਾਈ ਨਹੀਂ ਲੜ ਰਹੇ। ਇਹ ਕਿਸਾਨਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਹੱਕਾਂ ਦੀ ਲੜਾਈ ਹੈ, ਜਿਸ ਨੂੰ ਉਹ ਆਖਰੀ ਸਾਹ ਤੱਕ ਲੜਦੇ ਰਹਿਣਗੇ।
ਡੱਲੇਵਾਲ ਨੇ ਸਪੱਸ਼ਟ ਕਿਹਾ ਕਿ ਜਾਂ ਤਾਂ ਉਨ੍ਹਾਂ ਦੀਆਂ ਮੰਗਾਂ ਮੰਨ ਕੇ ਸੰਘਰਸ਼ ਖਤਮ ਕੀਤਾ ਜਾਵੇ ਜਾਂ ਫਿਰ ਉਹ ਆਪਣੀ ਜਾਨ ਕੁਰਬਾਨ ਕਰ ਦੇਣਗੇ। ਡੱਲੇਵਾਲ ਦਾ ਮਰਨ ਵਰਤ ਸ਼ੁੱਕਰਵਾਰ ਨੂੰ 32ਵੇਂ ਦਿਨ ‘ਚ ਦਾਖਲ ਹੋ ਗਿਆ। ਡਾਕਟਰਾਂ ਅਨੁਸਾਰ ਤਾਜ਼ਾ ਟੈਸਟ ਵਿੱਚ ਡੱਲੇਵਾਲ ਦੇ ਸਰੀਰ ਵਿੱਚ ਕੀਟੋਨ ਨਿਰਧਾਰਤ ਪੱਧਰ ਤੋਂ ਕਈ ਗੁਣਾ ਵੱਧ ਗਿਆ ਹੈ, ਜੋ ਘਾਤਕ ਸਾਬਤ ਹੋ ਸਕਦਾ ਹੈ।
ਸ਼ੁੱਕਰਵਾਰ ਨੂੰ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ, ਡੀਸੀ ਡਾ: ਪ੍ਰੀਤੀ ਯਾਦਵ, ਐਸਐਸਪੀ ਡਾ: ਨਾਨਕ ਸਿੰਘ ਤੇ ਹੋਰਾਂ ਦੀ ਟੀਮ ਡੱਲੇਵਾਲ ਨੂੰ ਮਿਲੀ। ਟੀਮ ਵਿੱਚ ਸ਼ਾਮਲ ਡਾਕਟਰਾਂ ਨੇ ਡੱਲੇਵਾਲ ਨੂੰ ਦੱਸਿਆ ਕਿ ਉਸ ਦੀ ਸਿਹਤ ਠੀਕ ਨਹੀਂ ਹੈ। ਇਸ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ। ਅਧਿਕਾਰੀਆਂ ਨੇ ਕਿਸਾਨ ਆਗੂ ਨੂੰ ਆਪਣਾ ਅੰਦੋਲਨ ਜਾਰੀ ਰੱਖਣ ਲਈ ਕਿਹਾ ਪਰ ਉਸ ਨੂੰ ਆਪਣੀ ਸਿਹਤ ਸੰਭਾਲ ਲਈ ਜ਼ਰੂਰੀ ਦਵਾਈਆਂ ਅਤੇ ਤਰਲ ਪਦਾਰਥ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਸਾਨ ਆਗੂ ਨੂੰ ਵਲੰਟੀਅਰ ਦੇ ਨਾਲ ਰਾਜਿੰਦਰਾ ਜਾਂ ਮਾਤਾ ਕੌਸ਼ੱਲਿਆ ਹਸਪਤਾਲ ਵਿੱਚ ਸ਼ਿਫਟ ਕਰਨ ਦਾ ਵਿਕਲਪ ਵੀ ਦਿੱਤਾ।