ਪੰਜਾਬ ਦੇ ਲੋਕਾਂ ਲਈ ਵੱਡੀ ਖਬਰ ਆਈ ਹੈ। ਹੁਣ ਸੜਕ ‘ਤੇ ਸਫਰ ਕਰਨਾ ਹੋਵੇਗਾ ਆਸਾਨ। NHAI ਪੰਜਾਬ ਲਈ ਇੱਕ ਨਵਾਂ ਪ੍ਰੋਜੈਕਟ ਲੈ ਕੇ ਆ ਰਿਹਾ ਹੈ। ਇਸ ਪ੍ਰਾਜੈਕਟ ਨਾਲ ਬਠਿੰਡਾ ਤੋਂ ਚੰਡੀਗੜ੍ਹ ਦਾ ਸਫ਼ਰ ਬਹੁਤ ਆਸਾਨ ਹੋ ਜਾਵੇਗਾ। ਇਹ ਪ੍ਰਾਜੈਕਟ ਕਾਫੀ ਸਮੇਂ ਤੋਂ ਰੁਕਿਆ ਹੋਇਆ ਸੀ। ਦੱਸ ਦੇਈਏ ਕਿ ਇਸ ਨਾਲ ਬਠਿੰਡਾ ਤੋਂ ਚੰਡੀਗੜ੍ਹ ਦੀ ਦੂਰੀ 50 ਕਿਲੋਮੀਟਰ ਘੱਟ ਜਾਵੇਗੀ। ਇਸ ਸੜਕ ਦੇ ਬਣਨ ਨਾਲ ਬਠਿੰਡਾ, ਮੁਕਤਸਰ, ਅਬੋਹਰ ਤੋਂ ਇਲਾਵਾ ਰਾਜਸਥਾਨ ਤੋਂ ਚੰਡੀਗੜ੍ਹ ਵਾਇਆ ਬਠਿੰਡਾ ਜਾਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਚੰਡੀਗੜ੍ਹ ਜਾਣ ਲਈ ਲੋਕਾਂ ਨੂੰ ਬਠਿੰਡੇ ਤੋਂ ਬਰਨਾਲਾ, ਸੰਗਰੂਰ, ਪਟਿਆਲਾ ਦੇ ਰਸਤੇ ਜਾਣਾ ਪੈਂਦਾ ਸੀ। ਇਸ ਪ੍ਰਾਜੈਕਟ ਤੋਂ ਬਾਅਦ ਹੁਣ ਲੋਕਾਂ ਨੂੰ ਬਰਨਾਲਾ ਤੋਂ ਚੰਡੀਗੜ੍ਹ ਤੱਕ ਲਿੰਕ ਸੜਕ ਮਿਲ ਜਾਵੇਗੀ ਅਤੇ ਉਨ੍ਹਾਂ ਨੂੰ ਸੰਗਰੂਰ ਤੇ ਪਟਿਆਲਾ ਜਾਣ ਦੀ ਲੋੜ ਨਹੀਂ ਪਵੇਗੀ। ਇਸ ਦੇ ਨਾਲ ਹੀ ਬਰਨਾਲਾ ਤੋਂ ਮੋਹਾਲੀ ਆਈ.ਟੀ. ਸ਼ਹਿਰ ਤੱਕ ਵੱਖਰੀ ਸੜਕ ਬਣਾਈ ਜਾਵੇਗੀ।
ਇਸ ਸਮੇਂ ਸਰਹਿੰਦ-ਮੁਹਾਲੀ ਸੜਕ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸਰਹਿੰਦ ਤੋਂ ਬਰਨਾਲਾ ਤੱਕ ਸੜਕ ਦਾ ਨਿਰਮਾਣ ਵੀ ਸ਼ੁਰੂ ਹੋ ਜਾਵੇਗਾ। ਇਸ ਸੜਕ ਨੂੰ ਬਠਿੰਡਾ ਤੋਂ ਲੁਧਿਆਣਾ ਤੱਕ ਬਣ ਰਹੀ ਛੇ ਮਾਰਗੀ ਸੜਕ ਨਾਲ ਵੀ ਜੋੜਿਆ ਜਾਵੇਗਾ। NHAI ਵੱਲੋਂ ਤਿਆਰ ਕੀਤੇ ਗਏ ਪ੍ਰੋਜੈਕਟ ਅਨੁਸਾਰ ਭਾਰਤਮਾਲਾ ਪ੍ਰੋਜੈਕਟ ਤਹਿਤ ਇਹ ਗ੍ਰੀਨਫੀਲਡ ਐਕਸਪ੍ਰੈਸਵੇਅ ਹੋਵੇਗਾ, ਜੋ ਚੰਡੀਗੜ੍ਹ ਨੂੰ ਬਰਨਾਲਾ ਤੋਂ ਮਲੇਰਕੋਟਲਾ, ਖੰਨਾ ਬਾਈਪਾਸ, ਸਰਹਿੰਦ ਅਤੇ ਮੋਹਾਲੀ ਰਾਹੀਂ ਜੋੜੇਗਾ। ਇਸ ਦੀ ਦੂਰੀ 110 ਕਿਲੋਮੀਟਰ ਹੋਵੇਗੀ। ਇਸ ਦੇ ਨਾਲ ਹੀ ਇਹ ਸੜਕ ਲੁਧਿਆਣਾ ਤੋਂ ਅਜਮੇਰ ਤੱਕ ਬਣ ਰਹੇ ਆਰਥਿਕ ਗਲਿਆਰੇ ਨਾਲ ਵੀ ਜੁੜ ਜਾਵੇਗੀ।