ਭਾਰਤ-ਪਾਕਿਸਤਾਨ ਸਰਹੱਦ ਤੋਂ ਕਰੀਬ ਇਕ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਪਿੰਡ ਪੋਜੋਕੇ ਉਤਾੜ ‘ਚ ਪਰਿਵਾਰ ਸਮੇਤ ਬੈਠੀ ਵਿਧਵਾ ਬੀਬੀ (62) ਪਿਛਲੇ 34 ਸਾਲਾਂ ਤੋਂ ਪਾਕਿਸਤਾਨ ਤੋਂ ਆਪਣੇ ਪਤੀ ਦੀ ਵਾਪਸੀ ਦੀ ਉਡੀਕ ਕਰ ਰਹੀ ਹੈ।
ਉਸ ਦਾ ਕਹਿਣਾ ਹੈ ਕਿ ਉਸ ਦਾ ਪਤੀ ਦੇਸ਼ ਦੀ ਖਾਤਰ ਪਾਕਿਸਤਾਨ ਗਿਆ ਸੀ, ਅਤੇ ਅਜੇ ਤੱਕ ਵਾਪਸ ਨਹੀਂ ਆਇਆ। ਸਾਨੂੰ ਇਹ ਵੀ ਨਹੀਂ ਪਤਾ ਕਿ ਉਹ ਜ਼ਿੰਦਾ ਹੈ ਜਾਂ ਨਹੀਂ। ਹੁਣ ਪੀੜਤਾ ਨੇ ਭਾਰਤ ਅਤੇ ਪਾਕਿਸਤਾਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਦੇ ਪਤੀ ਮਹਿੰਦਰ ਸਿੰਘ ਬਾਰੇ ਕੁਝ ਜਾਣਕਾਰੀ ਦਿੱਤੀ ਜਾਵੇ।
ਪੀੜਤ ਵਿਧਵਾ ਬੀਬੀ ਦਾ ਕਹਿਣਾ ਹੈ ਕਿ ਸੁਰੱਖਿਆ ਏਜੰਸੀ ਦੇ ਅਧਿਕਾਰੀ ਨੇ ਸਾਲ 1990 ਦੇ ਆਸ-ਪਾਸ ਉਸ ਦੇ ਪਤੀ ਮਹਿੰਦਰ ਸਿੰਘ ਨੂੰ ਪਾਕਿਸਤਾਨ ਭੇਜਿਆ ਸੀ। ਇਸ ਸਮੇਂ ਉਨ੍ਹਾਂ ਦੇ ਪਤੀ ਦੀ ਉਮਰ 65 ਸਾਲ ਦੇ ਕਰੀਬ ਹੋਵੇਗੀ। ਜਦੋਂ ਉਸ ਦਾ ਪਤੀ ਦੋ ਸਾਲ ਤੱਕ ਪਾਕਿਸਤਾਨ ਤੋਂ ਵਾਪਸ ਨਹੀਂ ਆਇਆ ਤਾਂ ਸੁਰੱਖਿਆ ਏਜੰਸੀ ਦੇ ਅਧਿਕਾਰੀ ਨੇ ਉਸ ਨੂੰ ਵੀਹ ਹਜ਼ਾਰ ਰੁਪਏ ਦਾ ਚੈੱਕ ਦਿੱਤਾ। ਇਸ ਤੋਂ ਬਾਅਦ ਉਸ ਨੂੰ ਕੋਈ ਮਦਦ ਨਹੀਂ ਦਿੱਤੀ ਗਈ। ਉਸ ਨੂੰ ਇਹ ਵੀ ਨਹੀਂ ਪਤਾ ਕਿ ਉਸ ਦਾ ਪਤੀ ਪਾਕਿਸਤਾਨ ਦੀ ਕਿਹੜੀ ਜੇਲ੍ਹ ਵਿਚ ਬੰਦ ਹੈ। ਜਦੋਂ ਉਹ ਪਾਕਿਸਤਾਨ ਗਿਆ ਤਾਂ ਉਸ ਦੇ ਚਾਰ ਬੱਚੇ ਬਹੁਤ ਛੋਟੇ ਸਨ।