ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਹੱਤਿਆ ਕਾਂਡ ਨੂੰ ਲੈ ਕੇ ਭਾਰਤ ’ਤੇ ਬੇਬੁਨਿਆਦ ਦੋਸ਼ ਲਾਉਣ ਵਾਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਦੇਸ਼ ’ਚ ਹੀ ਘਿਰ ਗਏ ਹਨ। ਇਕ ਵਿਰੋਧੀ ਧਿਰ ਦੇ ਨੇਤਾ ਨੇ ਟਰੂਡੋ ’ਤੇ ਦੋਸ਼ ਲਾਇਆ ਹੈ ਕਿ ਉਹ ਹੋਰਨਾਂ ਵਿਵਾਦਾਂ ਤੋਂ ਧਿਆਨ ਭਟਕਾਉਣ ਲਈ ਨਿੱਝਰ ਹੱਤਿਆ ਕਾਂਡ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਸਰਕਾਰ ਤੋਂ ਪਿਛਲੀ ਪ੍ਰਸ਼ਾਸਨਿਕ ਗ਼ਲਤੀ ਸੁਧਾਰਨ ਲਈ ਖਾਲਿਸਤਾਨੀ ਅੱਤਵਾਦੀ ਦੀ ਨਾਗਰਿਕਤਾ ਮਰਨ ਉਪਰੰਤ ਖੋਹ ਲੈਣ ਲਈ ਕਿਹਾ ਹੈ।
ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਨੇਤਾ ਮੈਕਸਿਮ ਬਰਨੀਅਰ ਨੇ ਐਕਸ ਪੋਸਟ ’ਚ ਕਿਹਾ ਕਿ ਪੂਰੇ ਵਿਵਾਦ ਦੇ ਕੇਂਦਰ ’ਚ ਜੋ ਖਾਲਿਸਤਾਨੀ ਹੈ, ਉਹ ਕੈਨੇਡੀਅਨ ਨਹੀਂ ਸੀ। ਇਕ ਵਿਦੇਸ਼ੀ ਅੱਤਵਾਦੀ ਸੀ। ਨਿੱਝਰ ਨੇ ਕੈਨੇਡਾ ’ਚ ਆਸਰਾ ਲੈਣ ਲਈ ਕਈ ਵਾਰ ਫ਼ਰਜ਼ੀ ਦਸਤਾਵੇਜ਼ਾਂ ਦੀ ਵਰਤੋਂ ਕੀਤੀ ਸੀ। ਉਸੇ ਕਿਸੇ ਤਰ੍ਹਾਂ 2007 ’ਚ ਨਾਗਰਿਕਤਾ ਦਿੱਤੀ ਗਈ ਸੀ। ਉਨ੍ਹਾਂ ਕਿਹਾ, ਜੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐੱਮਪੀ) ਤੇ ਲਿਬਰਸ ਸਰਕਾਰ ਵੱਲੋਂ ਲਾਏ ਗਏ ਦੋਸ਼ ਸੱਚੇ ਹਨ ਤਾਂ ਭਾਰਤੀ ਡਿਪਲੋਮੈਟ ਸਾਡੀ ਧਰਤੀ ’ਤੇ ਅਪਰਾਧਿਕ ਸਰਗਰਮੀਆਂ ’ਚ ਸ਼ਾਮਲ ਸਨ ਤਾਂ ਇਹ ਗੰਭੀਰ ਮਸਲਾ ਹੈ। ਇਸ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ। ਟਰੂਡੋ ਸਪੱਸ਼ਟ ਤੌਰ ’ਤੇ ਹੋਰਨਾਂ ਵਿਵਾਦਾਂ ਤੋਂ ਧਿਆਨ ਭਟਕਾਉਣ ਲਈ ਇਸ ਮਾਮਲੇ ਦੀ ਵਰਤੋਂ ਕਰ ਰਹੇ ਹਨ।