BTV BROADCASTING

ਫੱਗਣ ਮਾਜਰਾ ਨੇੜੇ ਵਾਪਰਿਆ ਦਰਦਨਾਕ ਹਾਦਸਾ, ਤਿੰਨ ਭਰਾਵਾਂ ਦੀ ਮੌਤ

ਫੱਗਣ ਮਾਜਰਾ ਨੇੜੇ ਵਾਪਰਿਆ ਦਰਦਨਾਕ ਹਾਦਸਾ, ਤਿੰਨ ਭਰਾਵਾਂ ਦੀ ਮੌਤ

14 ਅਕਤੂਬਰ 2204: ਪਟਿਆਲਾ-ਸਰਹਿੰਦ ਰੋਡ ‘ਤੇ ਪਿੰਡ ਫੱਗਣ ਮਾਜਰਾ ਨੇੜੇ ਵਾਪਰੇ ਭਿਆਨਕ ਹਾਦਸੇ ‘ਚ ਕਾਰ ‘ਚ ਜਾ ਰਹੇ ਤਿੰਨ ਭਰਾਵਾਂ ਦੀ ਮੌਤ ਹੋ ਗਈ। ਮ੍ਰਿਤਕਾਂ ‘ਚ ਦੋ ਸਕੇ ਭਰਾ ਸਨ ਜਦਕਿ ਇਕ ਚਚੇਰਾ ਭਰਾ ਸੀ। ਇਸ ਹਾਦਸੇ ‘ਚ ਦੋ ਲੋਕ ਗੰਭੀਰ ਰੂਪ ‘ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਰਛਪਾਲ ਸਿੰਘ (34), ਰਘੁਵੀਰ ਸਿੰਘ (32) ਅਤੇ ਉਨ੍ਹਾਂ ਦੇ ਚਚੇਰੇ ਭਰਾ ਮਨਵੀਰ (21) ਵਜੋਂ ਹੋਈ ਹੈ। ਇਸ ਤੋਂ ਇਲਾਵਾ ਜ਼ਖਮੀਆਂ ਵਿਚੋਂ ਵਿੱਕੀ ਨੂੰ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ ਹੈ ਅਤੇ ਇਕ ਹੋਰ ਜ਼ਖਮੀ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਹੈ।

ਇਸ ਹਾਦਸੇ ਵਿੱਚ ਕਾਰ ਅਤੇ ਟਰੈਕਟਰ-ਟਰਾਲੀ ਦੀ ਸਿੱਧੀ ਟੱਕਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਾਰ ‘ਚ ਸਵਾਰ ਨੌਜਵਾਨ ਫਤਿਹਗੜ੍ਹ ਸਾਹਿਬ ਤੋਂ ਪਟਿਆਲਾ ਵੱਲ ਆ ਰਹੇ ਸਨ। ਜਿਵੇਂ ਹੀ ਉਹ ਫੱਗਣ ਮਾਜਰਾ ਪਹੁੰਚੇ ਤਾਂ ਇਹ ਹਾਦਸਾ ਵਾਪਰ ਗਿਆ। ਸੂਚਨਾ ਮਿਲਦਿਆਂ ਹੀ ਐਸ.ਐਸ.ਐਫ ਕਾਂਸਟੇਬਲ ਬੌਬੀ ਖਾਨ, ਚਮਕੌਰ ਸਿੰਘ ਅਤੇ ਸੰਦੀਪ ਗਿੱਲ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਸਾਰੇ ਲੋਕਾਂ ਨੂੰ ਗੱਡੀ ‘ਚੋਂ ਕੱਢ ਕੇ ਹਸਪਤਾਲ ਪਹੁੰਚਾਇਆ ਪਰ 3 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਪੁਲੀਸ ਅਨੁਸਾਰ ਰਘਵੀਰ ਸਿੰਘ ਦੇ ਰਿਸ਼ਤੇਦਾਰ ਦੀ ਸਿਹਤ ਖ਼ਰਾਬ ਹੋਣ ਕਾਰਨ ਉਸ ਨੂੰ ਪਟਿਆਲਾ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਸ਼ਨੀਵਾਰ ਰਾਤ ਰਘਬੀਰ ਅਤੇ ਰਛਪਾਲ ਆਪਣੇ ਚਚੇਰੇ ਭਰਾ ਅਤੇ ਇਕ ਹੋਰ ਬੀਮਾਰ ਰਿਸ਼ਤੇਦਾਰ ਦਾ ਪਤਾ ਲੈਣ ਲਈ ਕਾਰ ਵਿਚ ਫਤਿਹਗੜ੍ਹ ਸਾਹਿਬ ਤੋਂ ਪਟਿਆਲਾ ਆ ਰਹੇ ਸਨ। ਇਨ੍ਹਾਂ ਵਿਅਕਤੀਆਂ ਦੇ ਅੱਗੇ ਇੱਕ ਟਰੈਕਟਰ ਟਰਾਲੀ ਜਾ ਰਹੀ ਸੀ ਜੋ ਪਟਿਆਲਾ ਸਾਈਡ ਤੋਂ ਆ ਰਹੀ ਟਰਾਲੀ ਨਾਲ ਟਕਰਾ ਗਈ। ਟੱਕਰ ਤੋਂ ਪਹਿਲਾਂ ਟਰੈਕਟਰ ਚਾਲਕ ਨੇ ਆਪਣੇ ਆਪ ਨੂੰ ਬਚਾਉਣ ਲਈ ਅਚਾਨਕ ਟਰੈਕਟਰ ਮੋੜ ਦਿੱਤਾ, ਜਿਸ ਕਾਰਨ ਪਿੱਛੇ ਤੋਂ ਆ ਰਹੀ ਕਾਰ ਟਰੈਕਟਰ ਨਾਲ ਟਕਰਾ ਗਈ। ਟਰੈਕਟਰ ਦੇ ਦੋ ਟੁਕੜੇ ਹੋ ਗਏ ਅਤੇ ਸਾਰੇ ਸਵਾਰ ਕਾਰ ਦੇ ਅੰਦਰ ਹੀ ਫਸ ਗਏ। ਐਸ.ਐਸ.ਐਫ ਟੀਮ ਅਤੇ ਰਾਹਗੀਰਾਂ ਨੂੰ ਕਾਰ ਦਾ ਤਾਲਾ ਤੋੜ ਕੇ ਬਾਹਰ ਕੱਢਣਾ ਪਿਆ।

Related Articles

Leave a Reply