ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੀ ਜਾਨਕੀਪੁਰਮ ਪੁਲਸ ਨੇ ਸ਼ਨੀਵਾਰ ਨੂੰ 20 ਸਾਲਾ ਨੌਜਵਾਨ ਦੀ ਹੱਤਿਆ ਦੇ ਮਾਮਲੇ ‘ਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਲਖਨਊ ਪੁਲਿਸ ਕਮਿਸ਼ਨਰੇਟ ਵੱਲੋਂ ਜਾਰੀ ਬਿਆਨ ਅਨੁਸਾਰ ਮੁਹੰਮਦ ਆਫ਼ਤਾਬ (20) 8 ਅਕਤੂਬਰ ਦੀ ਸ਼ਾਮ ਨੂੰ ਆਪਣੇ ਘਰ ਤੋਂ ਲਾਪਤਾ ਹੋ ਗਿਆ ਸੀ। ਬਾਅਦ ‘ਚ ਉਸ ਦੀ ਲਾਸ਼ 11 ਅਕਤੂਬਰ ਨੂੰ ਮੜੀਆ ਥਾਣਾ ਖੇਤਰ ਦੇ ਘੇਲਾ ਪੁਲ ਦੇ ਹੇਠਾਂ ਤੋਂ ਬਰਾਮਦ ਹੋਈ ਸੀ।
ਆਫਤਾਬ ਦੇ ਪਿਤਾ ਮੁਹੰਮਦ ਅਲਤਾਫ ਨੇ ਪੁਲਸ ਸ਼ਿਕਾਇਤ ‘ਚ ਦੋਸ਼ ਲਗਾਇਆ ਹੈ ਕਿ ਆਫਤਾਬ ਦੀ ਹੱਤਿਆ ਉਸੇ ਇਲਾਕੇ ‘ਚ ਰਹਿਣ ਵਾਲੇ ਫਾਜ਼ਿਲ ਅਤੇ ਅਫਕ ਨੇ ਕੀਤੀ ਹੈ। ਬਿਆਨ ‘ਚ ਕਿਹਾ ਗਿਆ ਹੈ,”ਕਤਲ ਦਾ ਕਾਰਨ ਆਫਤਾਬ ਦੀ ਉਸ ਲੜਕੀ ਨਾਲ ਦੋਸਤੀ ਸੀ, ਜਿਸ ਨਾਲ ਫਾਜ਼ਿਲ ਦਾ ਵਿਆਹ ਤੈਅ ਹੋਇਆ ਸੀ। ਪੁੱਛਗਿੱਛ ਦੌਰਾਨ ਫਾਜ਼ਿਲ ਅਤੇ ਉਸ ਦੇ ਸਾਥੀ ਨੇ ਕਬੂਲ ਕੀਤਾ ਕਿ ਉਨ੍ਹਾਂ ਨੇ ਇਸ ਕਾਰਨ ਆਫਤਾਬ ਦਾ ਕਤਲ ਕੀਤਾ ਹੈ।