ਫਰਾਂਸ ਦੇ ਗ੍ਰਹਿ ਮੰਤਰੀ ਬਰੂਨੋ ਰੀਟੈਲੋ ਨੇ ਓਸਾਮਾ ਬਿਨ ਲਾਦੇਨ ਦੇ ਪੁੱਤਰ ਓਮਰ ਬਿਨ ਲਾਦੇਨ ਦੇ ਫਰਾਂਸ ਵਾਪਸ ਆਉਣ ‘ਤੇ ਪੱਕੇ ਤੌਰ ‘ਤੇ ਪਾਬੰਦੀ ਲਗਾ ਦਿੱਤੀ ਹੈ। ਜਾਣਕਾਰੀ ਮੁਤਾਬਕ ਓਮਰ 2016 ਤੋਂ ਨੌਰਮੈਂਡੀ ਵਿੱਚ ਰਹਿ ਰਿਹਾ ਸੀ ਪਰ 2023 ਵਿੱਚ ਉਸ ਦਾ ਰਿਹਾਇਸ਼ੀ ਪਰਮਿਟ ਰੱਦ ਕਰ ਦਿੱਤੇ ਜਾਣ ਤੋਂ ਬਾਅਦ ਦੇਖਿਆ ਗਿਆ ਕਿ ਉਸ ਨੇ ਸੋਸ਼ਲ ਮੀਡੀਆ ਪੋਸਟਾਂ ਵਿੱਚ ਕਥਿਤ ਤੌਰ ‘ਤੇ ਅੱਤਵਾਦ ਦੀ ਪ੍ਰਸ਼ੰਸਾ ਕੀਤੀ ਹੋਈ ਸੀ।
ਰਿਪੋਰਟ ਮੁਤਾਬਕ ਪੇਂਟਰ ਦੇ ਤੌਰ ‘ਤੇ ਰੋਜ਼ੀ-ਰੋਟੀ ਕਮਾਉਣ ਵਾਲਾ ਓਮਰ ਆਪਣੀ ਪਤਨੀ ਨਾਲ ਘਰੋਂ ਕੱਢੇ ਜਾਣ ਤੋਂ ਬਾਅਦ ਕਤਰ ਚਲਾ ਗਿਆ ਸੀ। ਉਸਨੇ ਆਪਣੇ ਪਿਤਾ ਦੀਆਂ ਹਿੰਸਕ ਕਾਰਵਾਈਆਂ ਨੂੰ ਤਿਆਗ ਦਿੱਤਾ ਪਰ ਉਸ ਤੇ ਦੋਸ਼ ਲੱਗੇ ਹਨ ਕਿ ਉਸਨੇ ਫੇਰ ਵੀ ਆਪਣੇ ਪਿਤਾ ਨਾਲ ਹਮਦਰਦੀ ਜਤਾਈ। ਦੱਸਦਈਏ ਕਿ ਓਮਰ ਦਾ ਫ੍ਰੈਂਚ ਰੈਜ਼ੀਡੈਂਸੀ ਪਰਮਿਟ ਸ਼ੁਰੂ ਵਿੱਚ ਯੂਕੇ ਦੇ ਇੱਕ ਨਾਗਰਿਕ ਨਾਲ ਵਿਆਹ ਦੁਆਰਾ ਦਿੱਤਾ ਗਿਆ ਸੀ।
ਇਮੀਗ੍ਰੇਸ਼ਨ ‘ਤੇ ਆਪਣੇ ਸਖਤ ਰੁਖ ਲਈ ਜਾਣੇ ਜਾਂਦੇ ਗ੍ਰਹਿ ਮੰਤਰੀ ਰੀਟੈਲੋ ਨੇ ਇਹ ਨਵਾਂ ਆਦੇਸ਼ ਜਾਰੀ ਕੀਤਾ ਹੈ ਜਿਸ ਨੂੰ ਮੰਤਰੀ ਨੇ “ਰਾਜਨੀਤਿਕ ਇਸਲਾਮ” ਦਾ ਮੁਕਾਬਲਾ ਕਰਨ ਦੀ ਜ਼ਰੂਰਤ ਵਜੋਂ ਦਰਸਾਇਆ ਹੈ। ਇਸ ਨਵੇਂ ਐਲਾਨ ਤੋਂ ਬਾਅਦ ਓਮਰ ਬਿਨ ਲਾਦੇਨ ਦੇ ਦੋਸਤਾਂ ਨੇ ਉਸ ਦਾ ਬਚਾਅ ਕਰਦੇ ਹੋਏ ਕਿਹਾ ਹੈ ਕਿ ਉਸਨੇ ਕੱਟੜਪੰਥੀ ਵਿਚਾਰਾਂ ਨੂੰ ਤਿਆਗ ਦਿੱਤਾ ਹੈ ਅਤੇ ਆਪਣੀ ਕਲਾ ‘ਤੇ ਧਿਆਨ ਕੇਂਦਰਿਤ ਕੀਤਾ ਹੋਇਆ ਹੈ।