ਹਿਜ਼ਬੁੱਲਾ ਆਗੂ ਕਤਲ ਤੋਂ ਕੁਝ ਦਿਨ ਪਹਿਲਾਂ ਅਸਥਾਈ ਜੰਗਬੰਦੀ ਲਈ ਹੋ ਗਿਆ ਸੀ ਸਹਿਮਤ, ਲੇਬਨਾਨੀ ਮੰਤਰੀ ਦਾ ਬਿਆਨ।ਲੇਬਨਾਨ ਦੇ ਵਿਦੇਸ਼ ਮੰਤਰੀ ਅਬਦੁੱਲਾ ਬੂ ਹਬੀਬ ਨੇ ਖੁਲਾਸਾ ਕੀਤਾ ਕਿ ਹਿਜ਼ਬੁੱਲਾ ਆਗੂ ਹਸਨ ਨਸਰੱਲਾ ਇਜ਼ਰਾਈਲੀ ਹਵਾਈ ਹਮਲੇ ਵਿੱਚ ਮਾਰੇ ਜਾਣ ਤੋਂ ਕੁਝ ਦਿਨ ਪਹਿਲਾਂ 21 ਦਿਨਾਂ ਦੀ ਜੰਗਬੰਦੀ ਲਈ ਸਹਿਮਤ ਹੋ ਗਿਆ ਸੀ। ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੌਰਾਨ ਯੂਐਸ ਦੇ ਰਾਸ਼ਟਰਪਤੀ ਜੋ ਬਿਡੇਨ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰਨ ਅਤੇ ਹੋਰ ਸਹਿਯੋਗੀਆਂ ਦੁਆਰਾ ਜੰਗਬੰਦੀ ਦੀ ਬੇਨਤੀ ਕੀਤੀ ਗਈ ਸੀ। ਜਿਸ ਲਈ ਅਮਰੀਕੀ ਅਧਿਕਾਰੀ ਜੰਗਬੰਦੀ ਦੀ ਗੱਲਬਾਤ ਲਈ ਲੇਬਨਾਨ ਜਾਣ ਵਾਲੇ ਸਨ।ਮੰਤਰੀ ਨੇ ਕਿਹਾ ਕਿ ਹਿਜ਼ਬੁੱਲਾ ਜੰਗਬੰਦੀ ਲਈ ਸਹਿਮਤ ਹੋ ਗਿਆ ਸੀ, ਹਾਲਾਂਕਿ ਉਨ੍ਹਾਂ ਨੇ ਕਦੇ ਅਧਿਕਾਰਤ ਜਨਤਕ ਐਲਾਨ ਨਹੀਂ ਕੀਤਾ। ਇੱਕ ਅਮਰੀਕੀ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਇਜ਼ਰਾਈਲ ਨੇ ਵੀ ਜੰਗਬੰਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ, ਨਸਰੱਲਾ ਦੀ ਮੌਤ ਤੋਂ ਕੁਝ ਘੰਟੇ ਪਹਿਲਾਂ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ, ਹਿਜ਼ਬੁੱਲਾ ‘ਤੇ ਹਮਲਾ ਕਰਨਾ ਜਾਰੀ ਰੱਖੇਗਾ, ਜਿਸ ਨਾਲ ਜੰਗਬੰਦੀ ਸਮਝੌਤੇ ਬਾਰੇ ਭੰਬਲਭੂਸਾ ਪੈਦਾ ਹੋ ਗਿਆ।ਜ਼ਿਕਰਯੋਗ ਹੈ ਕਿ ਨਸਰੱਲਾਹ ਦੀ ਹੱਤਿਆ ਦੇ ਬਾਵਜੂਦ, ਅਮਰੀਕਾ ਅਤੇ ਇਸਦੇ ਸਹਿਯੋਗੀ ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਕਾਰ ਹੋਰ ਸੰਘਰਸ਼ ਤੋਂ ਬਚਣ ਲਈ ਸ਼ਾਂਤੀ ਲਈ ਜ਼ੋਰ ਦੇ ਰਹੇ ਹਨ। ਲੇਬਨਾਨੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਸਥਿਤੀ ਖੇਤਰ ਵਿੱਚ ਅਮਰੀਕੀ ਪ੍ਰਭਾਵ ਦੇ ਚੱਲ ਰਹੇ ਮਹੱਤਵ ਨੂੰ ਉਜਾਗਰ ਕਰਦੀ ਹੈ, ਹਾਲਾਂਕਿ ਜੰਗਬੰਦੀ ਦੇ ਕੁਝ ਵੇਰਵੇ ਅਜੇ ਵੀ ਅਸਪਸ਼ਟ ਸਨ।