ਪੰਜਾਬ ਦੇ ਬਟਾਲਾ ਨੇੜਲੇ ਕਸਬਾ ਕਾਦੀਆਂ ਵਿੱਚ ਇੱਕ ਚੀਤਾ ਦੇਖਿਆ ਗਿਆ ਹੈ। ਚੀਤੇ ਦੇ ਨਜ਼ਰ ਆਉਣ ਤੋਂ ਬਾਅਦ ਸਥਾਨਕ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਹੈ। ਸੀਸੀਟੀਵੀ ਕੈਮਰੇ ਵਿੱਚ ਵੀ ਚੀਤਾ ਕੈਦ ਹੋ ਗਿਆ ਹੈ, ਜਿਸ ਤੋਂ ਬਾਅਦ ਜੰਗਲਾਤ ਵਿਭਾਗ ਨੇ ਇਲਾਕੇ ਵਿੱਚ ਚੀਤੇ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਹੈ। ਵਿਭਾਗ ਨੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਜੰਗਲਾਤ ਵਿਭਾਗ ਵੱਲੋਂ ਚੀਤੇ ਨੂੰ ਫੜਨ ਲਈ ਯਤਨ ਕੀਤੇ ਜਾ ਰਹੇ ਹਨ। ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦੀ ਹੀ ਚੀਤੇ ਨੂੰ ਫੜ ਲਿਆ ਜਾਵੇਗਾ।
ਹਰਚੋਵਾਲ ਰੋਡ ’ਤੇ ਸਥਿਤ ਕਲੋਨੀ ਦੇ ਵਸਨੀਕ ਹਲੀਮ ਅਹਿਮਦ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਹ ਆਪਣੀ ਪਤਨੀ ਨਾਲ ਕਿਤੇ ਜਾਣ ਲਈ ਕਾਰ ’ਚ ਬੈਠਾ ਸੀ। ਫਿਰ ਅਚਾਨਕ ਸੜਕ ਦੇ ਇੱਕ ਪਾਸੇ ਝਾੜੀਆਂ ਵਿੱਚੋਂ ਇੱਕ ਚੀਤੇ ਵਰਗਾ ਜਾਨਵਰ ਬਾਹਰ ਆ ਗਿਆ। ਪਸ਼ੂ ਸੜਕ ਪਾਰ ਕਰਕੇ ਦੂਜੇ ਪਾਸੇ ਝਾੜੀਆਂ ਵਿੱਚ ਚਲਾ ਗਿਆ। ਹਲੀਮ ਅਹਿਮਦ ਨੇ ਆਸ-ਪਾਸ ਦੇ ਲੋਕਾਂ ਨੂੰ ਦੱਸਿਆ ਪਰ ਉਸ ਤੋਂ ਬਾਅਦ ਜਾਨਵਰ ਨਜ਼ਰ ਨਹੀਂ ਆਇਆ। ਉਨ੍ਹਾਂ ਇਸ ਦੀ ਸੂਚਨਾ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ। ਇਸ ਦੇ ਨਾਲ ਹੀ ਜੰਗਲਾਤ ਵਿਭਾਗ ਨੇ ਸੀਸੀਟੀਵੀ ਫੁਟੇਜ ਚੈੱਕ ਕਰਨ ਤੋਂ ਬਾਅਦ ਉਕਤ ਖੇਤਰ ਵਿੱਚ ਚੀਤੇ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਹੈ।