ਅਲਬਰਟਾ ਦੇ ਮਾਪਿਆਂ ਨੂੰ ਬੱਚਿਆਂ ਵਿੱਚ ਗੰਭੀਰ RSV ਬਾਰੇ ਚੇਤਾਵਨੀ। ਅਲਬਰਟਾ ਤੋਂ ਇੱਕ ਮਾਂ, ਕੈਟਰੀਨਾ ਬੇਲਾਵੈਂਸ, ਆਪਣੀ ਸੱਤ-ਹਫ਼ਤੇ ਦੀ ਧੀ, ਮੈਕਸੀਨ, ਦੀ ਹਸਪਤਾਲ ਵਿੱਚ ਮੌਤ ਹੋਣ ਤੋਂ ਬਾਅਦ RSV ਨਾਲ ਆਪਣਾ ਅਨੁਭਵ ਬਾਕੀ ਮਾਪਿਆਂ ਨਾਲ ਸਾਂਝਾ ਕਰ ਰਹੀ ਹੈ। ਜਿਸ ਦਾ ਕਹਿਣਾ ਹੈ ਕਿ RSV ਨਾਂ ਦਾ ਵਾਇਰਸ ਉਨ੍ਹਾਂ ਦੇ ਘਰ ਵਿੱਚ ਤੇਜ਼ੀ ਨਾਲ ਫੈਲਿਆ ਜਿਸ ਤੋਂ ਬਾਅਦ ਮੈਕਸੀਨ ਨੂੰ ਸਾਹ ਲੈਣ ਵਿੱਚ ਦਿਕੱਤ ਆਉਣੀ ਸ਼ੁਰੂ ਹੋ ਗਈ ਅਤੇ ਉਸ ਤੋਂ ਬਾਅਦ ਉਸ ਦੀ ਧੀ ਨੂੰ ਆਕਸੀਜਨ ‘ਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਕੈਟਰੀਨਾ ਦਾ ਕਹਿਣਾ ਹੈ ਕਿ ਉਸ ਨੂੰ ਉਮੀਦ ਹੈ ਕਿ ਉਸਦੀ ਇਹ ਹੱਡਬੀਤੀ RSV ਦੇ ਖ਼ਤਰਿਆਂ ਨੂੰ ਉਜਾਗਰ ਕਰੇਗੀ, ਖਾਸ ਕਰਕੇ ਜੋ ਬਹੁਤ ਛੋਟੇ ਬੱਚਿਆਂ ਲਈ ਖਤਰਨਾਕ ਸਾਬਤ ਹੋ ਸਕਦੀ ਹੈ। ਰਿਪੋਰਟ ਮੁਤਾਬਕ RSV ਇੱਕ ਸਾਹ ਸੰਬੰਧੀ ਵਾਇਰਸ ਹੈ ਜੋ ਬੱਚਿਆਂ, ਬਜ਼ੁਰਗ, ਬਾਲਗਾਂ, ਅਤੇ ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕਾਂ ਵਿੱਚ ਗੰਭੀਰ ਬੀਮਾਰੀ ਦਾ ਕਾਰਨ ਬਣ ਸਕਦਾ ਹੈ। ਬੱਚਿਆਂ ਵਿੱਚ ਲੱਛਣਾਂ ਵਿੱਚ ਸਾਹ ਲੈਣ ਵਿੱਚ ਤਕਲੀਫ਼ ਅਤੇ ਦੁੱਧ ਪਿਲਾਉਣ ਦੀਆਂ ਸਮੱਸਿਆਵਾਂ ਸ਼ਾਮਲ ਹਨ। ਇਸ ਨੂੰ ਲੈ ਕੇ ਡਾਕਟਰ ਚੇਤਾਵਨੀ ਦਿੰਦੇ ਹਨ ਕਿ ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਮੂਨੀਆ ਵਰਗੀਆਂ ਜਟਿਲਤਾਵਾਂ ਦਾ ਉੱਚ ਖਤਰਾ ਹੁੰਦਾ ਹੈ, ਅਤੇ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਨ ਦੀ ਲੋੜ ਹੋ ਸਕਦੀ ਹੈ। ਇਸ ਦੇ ਰੋਕਥਾਮ ਦੇ ਉਪਾਵਾਂ ਵਿੱਚ ਹੱਥ ਧੋਣਾ, ਮਾਸਕ ਲਗਾਉਣਾ, ਅਤੇ ਬਿਮਾਰ ਲੋਕਾਂ ਨਾਲ ਸੰਪਰਕ ਤੋਂ ਪਰਹੇਜ਼ ਕਰਨਾ ਸ਼ਾਮਲ ਹੈ। ਹਾਲਾਂਕਿ ਅਲਬਰਟਾ ਵਿੱਚ RSV ਲਈ ਇੱਕ ਟੀਕਾ, ਬਾਲਗਾਂ ਅਤੇ ਗਰਭਵਤੀ ਔਰਤਾਂ ਲਈ ਉਪਲਬਧ ਹੈ, ਇਹ ਇੱਕ ਫੀਸ ਦੇ ਨਾਲ ਆਉਂਦਾ ਹੈ। ਆਪਣੀ ਹੱਡਬੀਤੀ ਨੂੰ ਸਾਂਝਾ ਕਰਦੇ ਹੋਏ ਕੈਟਰੀਨਾ ਨੇ RSV ਨੂੰ ਰੋਕਣ ਲਈ ਬੱਚੇ ਦੇ ਜੀਵਨ ਦੇ ਪਹਿਲੇ ਛੇ ਮਹੀਨਿਆਂ ਦੌਰਾਨ ਮਾਪਿਆਂ ਨੂੰ ਵਧੇਰੇ ਸਾਵਧਾਨ ਰਹਿਣ ਲਈ ਕਿਹਾ ਹੈ।