ਅਮਰੀਕਾ ’ਚ ਰਾਹੁਲ ਗਾਂਧੀ ਦੇ ਬਿਆਨ ਨੂੰ ਲੈ ਕੇ ਜਿੱਥੇ ਭਾਰਤ ’ਚ ਰੋਸ ਦੀ ਲਹਿਰ ਵੱਧ ਗਈ ਹੈ, ਉੱਥੇ ਹੀ ਬੁੱਧਵਾਰ ਨੂੰ ਪਹਿਲੀ ਵਾਰ ਰੇਲ ਕੋਚ ਫੈਕਟਰੀ ’ਚ ਪਹੁੰਚੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਰਾਹੁਲ ਗਾਂਧੀ ’ਤੇ ਤਿੱਖੀ ਟਿੱਪਣੀ ਕਰਦੇ ਹੋਏ ਪਲਟਵਾਰ ਕੀਤਾ ਹੈ। ਅਮਰੀਕਾ ’ਚ ਰਾਹੁਲ ਦੇ ਬਿਆਨ ਵਾਲੇ ਸਵਾਲ ’ਤੇ ਬਿੱਟੂ ਨੇ ਕਿਹਾ ਕਿ ਰਾਹੁਲ ਗਾਂਧੀ ਦਾ ਇੱਥੇ (ਭਾਰਤ) ਵਿਚ ਜੀ ਨਹੀਂ ਲੱਗਦਾ ਹੈ। ਉਨ੍ਹਾਂ ਦੀਆਂ ਕਈ ਕਮਜ਼ੋਰੀਆਂ ਹਨ, ਕਿਉਂਕਿ ਉਸਦਾ ਸਭ ਕੁਝ ਵਿਦੇਸ਼ੀ ਹੈ।
ਇਸ ਲਈ ਹੀ ਉਹ ਵਿਦੇਸ਼ ਜਾ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ। ਇਸ ਵਾਰ ਤਾਂ ਉਸਨੇ ਕਮਾਲ ਹੀ ਕਰ ਦਿੱਤੀ। ਇਸ ਵਾਰ ਉਸਨੇ ਅੱਗ ਵਿਚ ਘਿਓ ਪਾਉਂਣ ਦਾ ਕੰਮ ਕੀਤਾ ਹੈ। ਜਿੱਥੇ ਰੈਫਰੈਂਡਮ ਚੱਲਦਾ ਹੈ, ਜਿੱਥੇ ਪੰਨੂੰ ਜਿਹੇ ਦੇਸ਼ ਨੂੰ ਤੋੜਣ ਦੀ ਗੱਲ ਕਰਦੇ ਹਨ, ਉੱਥੇ ਜਾ ਕੇ ਜੋ ਗੱਲ ਰਾਹੁਲ ਕਰਦੇ ਹਨ, ਇਥੇ ਕਿਉਂ ਨਹੀਂ ਕਰਦੇ। ਉਨ੍ਹਾਂ ਚੈਲੇਜ਼ ਕੀਤਾ ਕਿ ਉਹ ਐਸਾ ਕੋਈ ਇਕ ਇਨਸਾਨ ਦਿਖਾ ਦੇਣ, ਜਿਸਨੂੰ ਭਾਰਤ ਵਿਚ ਪੱਗੜੀ ਪਾਉਂਣ, ਕੜਾ ਪਾਉਂਣ ਜਾਂ ਗੁਰਦੁਆਰਾ ਸਾਹਿਬ ਵਿਚ ਜਾਣ ਦੀ ਇਜ਼ਾਜਤ ਨਹੀਂ ਹੈ। ਰਾਹੁਲ ਦੇ ਅਨੁਸਾਰ ਜੇਕਰ ਅਜਿਹਾ ਹੈ ਤਾਂ ਸਵਾਲ ਇਹ ਉੱਠਦਾ ਹੈ ਕਿ ਇਸ ਤਰ੍ਹਾਂ ਕਰਨ ਤੋਂ ਰੋਕਦਾ ਕੋਣ ਹੈ, ਇਹ ਤਾਂ ਦੱਸਣ। ਬਿੱਟੂ ਨੇ ਕਿਹਾ ਕਿ ਮੈਂ ਤਾਂ ਉਸ ਪਾਰਟੀ ਵਿਚ ਰਿਹਾ ਹਾਂ ਅਤੇ ਰਾਹੁਲ ਗਾਂਧੀ ਦੇ ਸਭ ਤੋਂ ਕਰੀਬ ਰਿਹਾ ਹਾਂ, ਮੇਰੇ ਤੋਂ ਜ਼ਿਆਦਾ ਉਸਨੂੰ ਕੌਣ ਜਾਣਦਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਆਪਣੀ ਗੱਲ ਕਰਨ, ਸਿੱਖਾਂ ਨੂੰ ਨਾ ਭੜਕਾਉਂਣ।