ਐਨਡੀਪੀ ਨੇ ਟਰੂਡੋ ਤੋਂ ਬਣਾਈ ਦੂਰੀ, ਸੰਸਦ ਮੈਂਬਰਾਂ ਨੇ ਟਰੂਡੋ ਨੂੰ ਕਿਹਾ ‘ਰੇਡੀਓਐਕਟਿਵ’।
ਬੀਤੇ ਦਿਨ ਐਨਡੀਪੀ ਨੇ ਮਾਂਟਰੀਅਲ ਵਿੱਚ ਇੱਕ ਰਣਨੀਤੀ ਤੋਂ ਪਿੱਛੇ ਹਟਣ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਐਮਪੀ ਐਲੀਸਟੇਅਰ ਮੈਕਗ੍ਰੇਗਰ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਮ ਨੂੰ “ਰੇਡੀਓਐਕਟਿਵ” ਦੱਸਿਆ। ਜ਼ਿਕਰਯੋਗ ਹੈ ਕਿ ਪਾਰਟੀ ਨੇ ਹਾਲ ਹੀ ਵਿੱਚ ਸਰਕਾਰ ਤੋਂ ਦੂਰੀ ਬਣਾ ਕੇ ਲਿਬਰਲਾਂ ਨਾਲ ਆਪਣੇ ਭਰੋਸੇ ਅਤੇ ਸਪਲਾਈ ਸਮਝੌਤੇ ਨੂੰ ਖਤਮ ਕਰ ਦਿੱਤਾ ਹੈ। ਜਿਸ ਤੋਂ ਬਾਅਦ ਡੌਨ ਡੇਵਿਸ ਸਮੇਤ ਐਨਡੀਪੀ ਦੇ ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਹਲਕੇ ਦੇ ਲੋਕ ਇਸ ਕਦਮ ਨੂੰ ਸਮਝਦੇ ਹਨ ਅਤੇ ਇਸ ਫੈਸਲੇ ਦਾ ਸਮਰਥਨ ਕਰਦੇ ਹਨ, ਕਿਉਂਕਿ ਉਹ ਹੁਣ ਇਹ ਮਹਿਸੂਸ ਕਰ ਰਹੇ ਹਨ ਕਿ ਲਿਬਰਲ ਆਪਣੇ ਵਾਅਦੇ ਪੂਰੇ ਨਹੀਂ ਕਰ ਰਹੇ ਹਨ। ਇਸ ਦੇ ਨਾਲ-ਨਾਲ ਪਾਰਟੀ ਦਾ ਇਹ ਵੀ ਮੰਨਣਾ ਹੈ ਕਿ ਉਨ੍ਹਾਂ ਦਾ ਇਹ ਫੈਸਲਾ ਆਉਣ ਵਾਲੀਆਂ ਜ਼ਿਮਨੀ ਚੋਣਾਂ ਵਿਚ ਉਨ੍ਹਾਂ ਦੀਆਂ ਸੰਭਾਵਨਾਵਾਂ ਨੂੰ ਵਧਾਏਗਾ। ਇਸ ਦੌਰਾਨ ਐਨਡੀਪੀ ਦੇ ਐਮਪੀ ਅਲੈਗਜ਼ੈਂਡਰ ਬੁਲਰੀਸ ਨੇ ਕਿਹਾ ਕਿ ਲਿਬਰਲਾਂ ਨਾਲ ਸਬੰਧਾਂ ਨੂੰ ਤੋੜਨ ਨਾਲ ਵਿਨੀਪੈਗ ਅਤੇ ਮਾਂਟਰੀਅਲ ਦੀਆਂ ਰੇਸਾਂ ਵਿੱਚ ਉਨ੍ਹਾਂ ਨੂੰ ਮਦਦ ਮਿਲੇਗੀ, ਕਿਉਂਕਿ ਉਹ ਸੀਟਾਂ ਜਿੱਤਣ ਅਤੇ ਆਪਣੀ ਸਥਿਤੀ ਮਜ਼ਬੂਤ ਕਰਨ ਦੀ ਉਮੀਦ ਰੱਖਦੇ ਹਨ।