ਫੈਡਰਲ ਕਰਮਚਾਰੀਆਂ ਨੂੰ ਹੁਣ ਹਫ਼ਤੇ ਵਿੱਚ 3 ਦਿਨ ਦਫ਼ਤਰ ਆਉਣ ਦੀ ਲੋੜ।ਇਸ ਹਫ਼ਤੇ ਤੋਂ, ਫੈਡਰਲ ਸਰਕਾਰ ਦੇ ਕਰਮਚਾਰੀਆਂ ਨੂੰ ਹਫ਼ਤੇ ਵਿੱਚ ਘੱਟੋ-ਘੱਟ ਤਿੰਨ ਦਿਨ ਦਫ਼ਤਰ ਵਿੱਚ ਆਉਣਾ ਜ਼ਰੂਰੀ ਹੋਵੇਗਾ। ਦੱਸਦਈਏ ਕਿ ਜਦੋਂ ਇਸ ਨਵੇਂ ਨਿਯਮ ਦਾ ਐਲਾਨ ਹੋਇਆ ਤਾਂ ਬਹੁਤ ਸਾਰੇ ਕਰਮਚਾਰੀ ਅਤੇ ਯੂਨੀਅਨਾਂ ਇਸ ਨਵੇਂ ਨਿਯਮ ਤੋਂ ਨਾਖੁਸ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਦਫਤਰੀ ਇਮਾਰਤਾਂ ਵਿੱਚ ਲੋੜੀਂਦੀ ਜਗ੍ਹਾ ਨਹੀਂ ਹੈ, ਅਤੇ ਕਰਮਚਾਰੀਆਂ ਨਾਲ ਇਸ ਤਬਦੀਲੀ ਬਾਰੇ ਸਲਾਹ ਨਹੀਂ ਕੀਤੀ ਗਈ ਸੀ। ਉਥੇ ਹੀ ਕੁਝ ਵਿਭਾਗ, ਜਿਵੇਂ ਕਿ ਹਾਊਸਿੰਗ ਅਤੇ ਸਟੈਟਿਸਟਿਕਸ ਕੈਨੇਡਾ, ਸਵੀਕਾਰ ਕਰਦੇ ਹਨ ਕਿ ਉਹਨਾਂ ਕੋਲ ਹਰ ਕਿਸੇ ਲਈ ਲੋੜੀਂਦੀ ਥਾਂ ਨਹੀਂ ਹੈ। ਯੂਨੀਅਨਾਂ ਚਾਹੁੰਦੀਆਂ ਹਨ ਕਿ ਸਰਕਾਰ ਇੱਕ ਬਿਹਤਰ ਰਿਮੋਟ ਵਰਕ ਪਾਲਿਸੀ ਬਣਾਏ ਜੋ ਵਰਕਰਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੀ ਹੈ। ਦੱਸਦਈਏ ਕਿ ਉਹ ਇਸ ਨਵੇਂ ਨਿਯਮ ਨੂੰ ਰੋਕਣ ਲਈ ਕਾਨੂੰਨੀ ਕਾਰਵਾਈ ਵੀ ਕਰ ਰਹੇ ਹਨ। ਇਸ ਦੌਰਾਨ ਓਟਵਾ ਦੇ ਮੇਅਰ, ਮਾਰਕ ਸਟਕਲਿਫ, ਨੇ ਉਮੀਦ ਜਤਾਈ ਹੈ ਕਿ ਡਾਊਨਟਾਊਨ ਵਿੱਚ ਕੰਮ ਕਰਨ ਵਾਲੇ ਵਧੇਰੇ ਲੋਕ ਸਥਾਨਕ ਕਾਰੋਬਾਰਾਂ ਨੂੰ ਮਹਾਂਮਾਰੀ ਦੀ ਮੰਦੀ ਤੋਂ ਉਭਰਨ ਵਿੱਚ ਮਦਦ ਕਰਨਗੇ।