ਮਾਰਕ ਕਾਰਨੀ ਟਰੂਡੋ ਦੇ ਵਿਸ਼ੇਸ਼ ਸਲਾਹਕਾਰ ਵਜੋਂ ਭੂਮਿਕਾ ਨਿਭਾਉਣ ਲਈ ਤਿਆਰ: ਸਰੋਤ।ਬੈਂਕ ਆਫ਼ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੀ ਵਿਕਾਸ ਅਤੇ ਆਰਥਿਕਤਾ ‘ਤੇ ਧਿਆਨ ਕੇਂਦਰਤ ਕਰਦੇ ਹੋਏ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਦੇ ਵਿਸ਼ੇਸ਼ ਸਲਾਹਕਾਰ ਬਣਨ ਲਈ ਤਿਆਰ ਹਨ। ਕਿਹਾ ਜਾ ਰਿਹਾ ਹੈ ਕਿ ਇਸ ਭੂਮਿਕਾ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ ਅਤੇ ਇਸ ਨੂੰ ਕਾਰਨੀ ਦੀ ਨਜ਼ਦੀਕੀ ਦੋਸਤ, ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਦਾ ਸਮਰਥਨ ਪ੍ਰਾਪਤ ਹੈ। ਜਿਸ ਦੇ ਚਲਦੇ ਨਨਾਇਮੋ, ਬੀਸੀ ਵਿੱਚ ਇੱਕ ਕਾਕਸ ਰੀਟਰੀਟ ਵਿੱਚ ਲਿਬਰਲ ਸੰਸਦ ਮੈਂਬਰਾਂ ਨੂੰ ਮਾਰਕ ਕਾਰਨੀ ਸੰਬੋਧਨ ਕਰ ਸਕਦੇ ਹਨ। ਦੱਸਦਈਏ ਕਿ ਕਾਰਨੀ, ਜੋ ਬੈਂਕ ਆਫ ਇੰਗਲੈਂਡ ਦੇ ਗਵਰਨਰ ਵਜੋਂ ਵੀ ਕੰਮ ਕਰ ਚੁੱਕੇ ਹਨ, ਸਰਕਾਰ ਵਿੱਚ ਸ਼ਾਮਲ ਨਹੀਂ ਹੋਣਗੇ ਪਰ ਸਿੱਧੇ ਤੌਰ ‘ਤੇ ਲਿਬਰਲ ਪਾਰਟੀ ਨਾਲ ਕੰਮ ਕਰਨਗੇ। ਕਿਆਸ ਅਰਾਈਆਂ ਦੇ ਬਾਵਜੂਦ ਕਾਰਨੀ ਨੇ ਟਰੂਡੋ ਦੇ ਬਾਅਦ ਲੀਡਰ ਬਣਨ ਵਿੱਚ ਕੋਈ ਦਿਲਚਸਪੀ ਨਹੀਂ ਜਤਾਈ। ਉਨ੍ਹਾਂ ਦੀ ਆਰਥਿਕ ਮੁਹਾਰਤ ਨੂੰ ਲਿਬਰਲਾਂ ਦੀ ਕੰਜ਼ਰਵੇਟਿਵਾਂ ਵਿਰੁੱਧ ਚੋਣਾਂ ਵਿੱਚ ਵੱਧ ਰਹੇ ਘਾਟੇ ਨੂੰ ਘਟਾਉਣ ਵਿੱਚ ਮਦਦ ਕਰਨ ਵਿੱਚ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਜਦੋਂ ਕਿ ਵਿਰੋਧੀ ਕੰਜ਼ਰਵੇਟਿਵਾਂ ਨੇ ਕਾਰਨੀ ਦੀ ਆਲੋਚਨਾ ਕੀਤੀ ਹੈ, ਉਸ ਨੂੰ “ਕਾਰਬਨ-ਟੈਕਸ ਕਾਰਨੀ” ਦਾ ਲੇਬਲ ਦਿੱਤਾ ਹੈ, ਉਥੇ ਹੀ ਬਹੁਤ ਸਾਰੇ ਲਿਬਰਲ ਉਸਨੂੰ ਇੱਕ ਕੀਮਤੀ ਸੰਪਤੀ ਵਜੋਂ ਦੇਖਦੇ ਹਨ। ਜ਼ਿਕਰਯੋਗ ਹੈ ਕਿ ਕਾਰਨੀ ਵਰਤਮਾਨ ਵਿੱਚ ਜਲਵਾਯੂ ਕਾਰਵਾਈ ਅਤੇ ਵਿੱਤ ਲਈ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਦੂਤ ਵਜੋਂ ਸੇਵਾ ਕਰ ਰਿਹਾ ਹੈ ਅਤੇ ਓਟਾਵਾ ਵਿੱਚ ਰਹਿੰਦਾ ਹੈ।