ਲਗਾਤਾਰ ਮੀਂਹ ਕਾਰਨ ਗੁਜਰਾਤ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਵਰਗੇ ਹਾਲਾਤ ਹਨ। ਪਿਛਲੇ 24 ਘੰਟਿਆਂ ਵਿੱਚ 3 ਲੋਕਾਂ ਦੀ ਮੌਤ ਹੋ ਗਈ ਹੈ। NDRF-SDRF ਬਚਾਅ ‘ਚ ਲੱਗੇ ਹੋਏ ਹਨ। 17 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ।
ਵਡੋਦਰਾ ਡਿਵੀਜ਼ਨ ਦੇ ਬਾਜਵਾ ਰੇਲਵੇ ਸਟੇਸ਼ਨ ‘ਤੇ ਪਾਣੀ ਭਰ ਜਾਣ ਕਾਰਨ ਅਹਿਮਦਾਬਾਦ-ਮੁੰਬਈ ਰੂਟ ‘ਤੇ 30 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। 22 ਰਾਜ ਮਾਰਗ ਅਤੇ 586 ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ।
64 ਰੂਟਾਂ ‘ਤੇ ਚੱਲਣ ਵਾਲੀਆਂ ਰਾਜ ਟਰਾਂਸਪੋਰਟ ਬੱਸਾਂ ਦੀਆਂ 583 ਟਰਿੱਪਾਂ ਰੱਦ ਕਰ ਦਿੱਤੀਆਂ ਗਈਆਂ ਹਨ। ਅਹਿਮਦਾਬਾਦ ਏਅਰਪੋਰਟ ਨੇ ਕਿਹਾ ਹੈ ਕਿ ਖਰਾਬ ਮੌਸਮ ਕਾਰਨ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਹਨ।
ਵਡੋਦਰਾ ‘ਚ ਸੋਮਵਾਰ ਨੂੰ 12 ਘੰਟਿਆਂ ‘ਚ 26 ਸੈਂਟੀਮੀਟਰ ਬਾਰਿਸ਼ ਦਰਜ ਕੀਤੀ ਗਈ। ਅਹਿਮਦਾਬਾਦ ਵਿੱਚ 10 ਸੈਂਟੀਮੀਟਰ, ਰਾਜਕੋਟ ਵਿੱਚ 9 ਸੈਂਟੀਮੀਟਰ ਅਤੇ ਭੁਜ ਵਿੱਚ 8 ਸੈਂਟੀਮੀਟਰ ਮੀਂਹ ਪਿਆ।
ਮੰਗਲਵਾਰ ਸਵੇਰੇ ਸੀਐਮ ਭੂਪੇਂਦਰ ਪਟੇਲ ਨੇ ਕਲੈਕਟਰ ਨਾਲ ਮੀਟਿੰਗ ਕੀਤੀ, ਜਿਸ ਵਿੱਚ ਐਲਾਨ ਕੀਤਾ ਗਿਆ ਕਿ ਸੂਬੇ ਦੇ ਸਾਰੇ ਪ੍ਰਾਇਮਰੀ ਸਕੂਲ ਅੱਜ ਬੰਦ ਰਹਿਣਗੇ।