ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ
ਲੁਧਿਆਣ, 23 ਅਗਸਤ 2024 : ਪੰਜਾਬੀ ਲੇਖਕ ਬਲਬੀਰ ਸਿੰਘ ਮੋਮੀ ਦੇ ਦੇਹਾਂਤ ਦੀ ਖ਼ਬਰ ਮਿਲਣ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਤੂਰ , ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਭੱਠਲ, ਮੀਤ ਪ੍ਰਧਾਨ ਤ੍ਰੈਲੋਚਨ ਲੋਚੀ ਤੇ ਪੰਜਾਬੀ ਕਵੀ ਮਨਜਿੰਦਰ ਧਨੋਆ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। 1935 ਵਿੱਚ ਪਾਕਿਸਤਾਨ ਰਹਿ ਗਏ ਨਵਾਂ ਪਿੰਡ (ਸ਼ੇਖੂਪੁਰਾ) ਦੇ ਜੰਮਪਲ ਪਿਛਲੇ ਤਿੰਨ ਦਹਾਕਿਆਂ ਤੋਂ ਟੋਰੰਟੋ(ਕੈਨੇਡਾ) ਵੱਸਦੇ ਸਨ। ਸਾਹਿੱਤ ਸਿਰਜਣਾ ਦੇ ਨਾਲ ਨਾਲ ਕੈਨੇਡਾ ਦੀ ਪੰਜਾਬੀ ਪੱਤਰਕਾਰੀ ਵਿੱਚ ਵੀ ਉਹ ਸਤਿਕਾਰਤ ਨਾਮ ਸਨ। ਇਹ ਜਾਣਕਾਰੀ ਪੰਜਾਬੀ ਲਹਿਰਾਂ ਰੇਡੀਉ ਦੇ ਸੰਚਾਲਕ ਸਤਿੰਦਰਪਾਲ ਸਿੰਘ ਸਿੱਧਵਾਂ ਨੇ ਦਿੱਤੀ ਹੈ।
ਦੇਸ਼ ਵੰਡ ਮਗਰੋਂ ਸ. ਬਲਬੀਰ ਸਿੰਘ ਮੋਮੀ ਪਹਿਲਾਂ ਚੰਡੀਗੜ੍ਹ ਤੇ ਮਗਰੋਂ ਲੰਮਾ ਸਮਾਂ ਚੰਡੀਗੜ੍ਹ ਰਹੇ। ਉਨ੍ਹਾਂ ਦਾ ਪਹਿਲਾ ਕਹਾਣੀ ਸੰਗ੍ਰਹਿ ਮਸਾਲੇ ਵਾਲਾ ਘੋੜਾ 1959 ਵਿੱਚ ਛਪਿਆ।
ਫਿਰ ਜੇ ਮੈਂ ਮਰ ਜਾਵਾਂ (1965)ਸ਼ੀਸ਼ੇ ਦਾ ਸਮੁੰਦਰ (1968)ਸਰ ਦਾ ਬੂਝਾ (1973) ਵਿੱਚ ਛਪੇ। ਉਨ੍ਹਾਂ ਇੱਕ ਕਹਾਣੀ ਸੰਗ੍ਰਹਿ ਫੁੱਲ ਖਿੜੇ ਹਨ 1971 ਵਿੱਚ ਸੰਪਾਦਿਤ ਕੀਤਾ।
ਬਲਬੀਰ ਸਿੰਘ ਮੋਮੀ ਨੇ ਨਾਵਲ ਸਿਰਦਣਾ ਵੀ ਕੀਤੀ ਜਿਸ ਵਿੱਚੋਂ ਜੀਜਾ ਜੀ (1961)ਪੀਲਾ ਗੁਲਾਬ (1975)ਇਕ ਫੁੱਲ ਮੇਰਾ ਵੀ (1986) ਅਲਵਿਦਾ ਹਿੰਦੋਸਤਾਨ ਪ੍ਰਕਾਸ਼ਿਤ ਹੋਏ। ਉਨ੍ਹਾਂ ਦੋ ਨਾਟਕ ਨੌਕਰੀਆਂ ਹੀ ਨੌਕਰੀਆਂ (1960) ਤੇ ਲੌਢਾ ਵੇਲਾ (1961) ਵੀ ਲਿਖੇ। ਸ. ਬਲਬੀਰ ਸਿੰਘ ਮੋਮੀ ਦੇ ਚੰਡੀਗੜ੍ਹ ਵੇਲੇ ਦੇ ਮਿੱਤਰ ਤੇ ਸ਼੍ਰੋਮਣੀ ਪੰਜਾਬੀ ਕਵੀ ਸ਼੍ਰੀ ਰਾਮ ਅਰਸ਼ ਤੇ ਸ. ਉਜਾਗਰ ਸਿੰਘ ਕੱਦੋਂ ਸਾਬਕਾ ਲੋਕ ਸੰਪਰਕ ਅਧਿਕਾਰੀ ਨੇ ਵੀ ਉਨ੍ਹਾਂ ਦੇ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।