ਕਬੇਕ ਦੇ ਪ੍ਰੀਮੀਅਰ ਫ੍ਰੈਂਸਵਾ ਲੀਗੌ ਨੇ ਸਤੰਬਰ ਤੋਂ ਸ਼ੁਰੂ ਹੋਣ ਵਾਲੇ ਮਾਂਟਰੀਅਲ ਵਿੱਚ ਘੱਟ ਤਨਖਾਹ ਵਾਲੀਆਂ ਨੌਕਰੀਆਂ ਲਈ ਨਵੇਂ ਅਸਥਾਈ ਵਿਦੇਸ਼ੀ ਕਾਮਿਆਂ ‘ਤੇ ਛੇ ਮਹੀਨੇ ਦੇ ਫਰੀਜ਼ ਦਾ ਐਲਾਨ ਕੀਤਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪ੍ਰਮੀਅਰ ਦੇ ਇਸ ਫੈਸਲੇ ਦਾ ਉਦੇਸ਼ ਨਵੇਂ ਆਏ ਲੋਕਾਂ ਨੂੰ ਏਕੀਕ੍ਰਿਤ ਕਰਨ ਲਈ ਸੂਬੇ ਦੀ ਸਮਰੱਥਾ ਬਾਰੇ ਚਿੰਤਾਵਾਂ ਨੂੰ ਦੂਰ ਕਰਨਾ ਹੈ, ਕਿਉਂਕਿ ਕਬੇਕ ਵਿੱਚ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਦੋ ਸਾਲਾਂ ਵਿੱਚ ਦੁੱਗਣੀ ਹੋ ਕੇ 600,000 ਹੋ ਗਈ ਹੈ। ਜਾਣਕਾਰੀ ਮੁਤਾਬਕ ਇਹ ਫ੍ਰੀਜ਼ ਮੌਜੂਦਾ ਅਸਥਾਈ ਕਰਮਚਾਰੀਆਂ ਦੇ ਨਵੀਨੀਕਰਨ ਨੂੰ ਵੀ ਪ੍ਰਭਾਵਿਤ ਕਰੇਗਾ, ਪਰ ਅਧਿਆਪਕਾਂ ਅਤੇ ਨਰਸਾਂ ਵਰਗੀਆਂ ਜ਼ਰੂਰੀ ਭੂਮਿਕਾਵਾਂ ਅਤੇ $57,000 ਤੋਂ ਵੱਧ ਤਨਖਾਹਾਂ ਵਾਲੀਆਂ ਨੌਕਰੀਆਂ ਲਈ ਅਪਵਾਦ ਹੋਣਗੇ। ਉਸਾਰੀ ਅਤੇ ਫੂਡ ਪ੍ਰੋਸੈਸਿੰਗ ਸੈਕਟਰ ਵੀ ਇਸ ਫਰੀਜ਼ ਤੋਂ ਮੁਕਤ ਹਨ। ਕਾਬਿਲੇਗੌਰ ਹੈ ਕਿ ਇਹ ਉਪਾਅ ਉਦੋਂ ਆਉਂਦਾ ਹੈ ਜਦੋਂ ਕਬੇਕ ਫ੍ਰੈਂਚ ਭਾਸ਼ਾ ਦੀ ਸੰਭਾਲ ਨਾਲ ਸਬੰਧਤ ਮੁੱਦਿਆਂ ਅਤੇ ਉੱਚ ਆਵਾਸ ਪੱਧਰਾਂ ਦੇ ਪ੍ਰਭਾਵਾਂ ਨਾਲ ਜੂਝ ਰਿਹਾ ਹੈ। ਦੱਸਦਈਏ ਕਿ ਇਸ ਐਲਾਨ ਦੇ ਨਾਲ ਹੀ ਫੈਡਰਲ ਸਰਕਾਰ ਨੇ ਅਸਥਾਈ ਵਿਰਾਮ ਨੂੰ ਮਨਜ਼ੂਰੀ ਦੇ ਦਿੱਤੀ ਹੈ, ਪਰ ਇਸ ਫੈਸਲੇ ਨੇ ਕੈਨੇਡੀਅਨ ਫੈਡਰੇਸ਼ਨ ਆਫ਼ ਇੰਡੀਪੈਂਡੈਂਟ ਬਿਜ਼ਨਸ ਅਤੇ ਚੈਂਬਰ ਆਫ਼ ਕਾਮਰਸ ਆਫ਼ ਮੈਟਰੋਪੋਲੀਟਨ ਮਾਂਟਰੀਅਲ ਸਮੇਤ ਵਪਾਰਕ ਸਮੂਹਾਂ ਵਿੱਚ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। ਇਸ ਫੈਸਲੇ ਦੇ ਨਾਲ-ਨਾਲ ਪ੍ਰੋਵਿੰਸ ਵਿਦੇਸ਼ੀ ਵਿਦਿਆਰਥੀਆਂ ‘ਤੇ ਹੋਰ ਪਾਬੰਦੀਆਂ ਦੀ ਵੀ ਯੋਜਨਾ ਬਣਾ ਰਿਹਾ ਹੈ ਅਤੇ ਫੈਡਰਲ ਨਿਯੰਤਰਣ ਅਧੀਨ ਗੈਰ-ਸਥਾਈ ਨਿਵਾਸੀਆਂ ਨੂੰ ਘਟਾਉਣ ਦੀ ਮੰਗ ਕਰ ਰਿਹਾ ਹੈ।