ਉੱਤਰੀ ਭਾਰਤ ਵਿੱਚ ਇਸ ਵਾਰ ਮਾਨਸੂਨ ਉਮੀਦ ਮੁਤਾਬਕ ਸਰਗਰਮ ਨਹੀਂ ਹੋਇਆ, ਜਿਸ ਕਾਰਨ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਘੱਟ ਮੀਂਹ ਪਿਆ ਹੈ। ਭਾਖੜਾ ਡੈਮ ਦੇ ਕੈਚਮੈਂਟ ਏਰੀਏ ‘ਚ ਵੀ ਘੱਟ ਬਾਰਿਸ਼ ਦਾ ਅਸਰ ਦਿਖਾਈ ਦੇਣ ਲੱਗਾ ਹੈ।
ਇਹੀ ਕਾਰਨ ਹੈ ਕਿ ਇਸ ਵਾਰ ਭਾਖੜਾ ਡੈਮ ਦੇ ਪਾਣੀ ਦਾ ਪੱਧਰ ਪਿਛਲੇ ਸਾਲ ਨਾਲੋਂ 51 ਫੁੱਟ ਹੇਠਾਂ ਹੈ, ਜੋ ਚਿੰਤਾ ਦਾ ਵਿਸ਼ਾ ਹੈ।
ਵੀਰਵਾਰ ਨੂੰ ਭਾਖੜਾ ਡੈਮ ਦੇ ਪਾਣੀ ਦਾ ਪੱਧਰ 1615 ਫੁੱਟ ਰਿਕਾਰਡ ਕੀਤਾ ਗਿਆ ਅਤੇ ਜੇਕਰ ਸਾਲ 2023 ਦੇ ਇਸੇ ਦਿਨ ਦੀ ਗੱਲ ਕਰੀਏ ਤਾਂ ਭਾਖੜਾ ਡੈਮ ਦੇ ਪਾਣੀ ਦਾ ਪੱਧਰ 1666 ਫੁੱਟ ਸੀ। ਪੌਂਗ ਡੈਮ ਦੀ ਗੱਲ ਕਰੀਏ ਤਾਂ ਵੀਰਵਾਰ ਨੂੰ ਇਸ ਦੇ ਪਾਣੀ ਦਾ ਪੱਧਰ 1335.71 ਫੁੱਟ ਰਿਕਾਰਡ ਕੀਤਾ ਗਿਆ ਸੀ, ਜਦਕਿ ਪਿਛਲੀ ਵਾਰ ਇਸੇ ਦਿਨ ਡੈਮ ਦਾ ਪਾਣੀ ਦਾ ਪੱਧਰ 1373 ਫੁੱਟ ਦਰਜ ਕੀਤਾ ਗਿਆ ਸੀ। ਦੋਵਾਂ ਡੈਮਾਂ ਦੇ ਪਾਣੀ ਦਾ ਪੱਧਰ ਘੱਟ ਹੋਣ ਕਾਰਨ ਤਿੰਨ ਰਾਜਾਂ ਅਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ।