ਵੈਨਕੂਵਰ: ਕੈਨੇਡਾ ਦੇ ਵੈਨਕੂਵਰ ਵਿੱਚ ਪੰਜਾਬ ਮੂਲ ਦੇ ਇੰਦਰਜੀਤ ਸਿੰਘ ਜੌਹਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜੌਹਲ ਦਾ ਨਾਂ ਗੈਂਗ ਨਾਲ ਸਬੰਧਤ ਗਤੀਵਿਧੀਆਂ ਵਿੱਚ ਵੀ ਸ਼ਾਮਲ ਸੀ। ਘਟਨਾ ਸ਼ਨੀਵਾਰ ਰਾਤ ਦੀ ਹੈ, ਜਦੋਂ ਪੁਲਿਸ ਨੂੰ ਇੱਕ ਟਰੈਫਿਕ ਹਾਦਸੇ ਤੋਂ ਬਾਅਦ ਗੋਲੀ ਚੱਲਣ ਦੀ ਸੂਚਨਾ ਮਿਲੀ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਨੀਵਾਰ ਰਾਤ ਨੂੰ ਇੱਕ ਟ੍ਰੈਫਿਕ ਹਾਦਸੇ ਤੋਂ ਬਾਅਦ ਦੋ ਵਿਅਕਤੀਆਂ ਵਿਚਕਾਰ ਗੋਲੀਬਾਰੀ ਦੀ ਰਿਪੋਰਟ ਮਿਲੀ ਸੀ। ਵੈਨਕੂਵਰ ਪੁਲਿਸ ਡਿਪਾਰਟਮੈਂਟ (ਵੀਪੀਡੀ) ਦੇ ਅਧਿਕਾਰੀ ਘਟਨਾ ਸਥਾਨ ‘ਤੇ ਪਹੁੰਚੇ ਅਤੇ ਇੱਕ ਵਿਅਕਤੀ ਨੂੰ ਲੱਭਿਆ ਜਿਸਨੂੰ ਗੋਲੀ ਲੱਗੀ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਗੋਲੀਬਾਰੀ ਵਿੱਚ ਮਾਰੇ ਗਏ ਇੰਦਰਜੀਤ ਸਿੰਘ ਜੌਹਲ ਦਾ ਗੈਂਗਸਟਰਾਂ ਵਿੱਚ ਸ਼ਾਮਲ ਹੋਣ ਦਾ ਲੰਬਾ ਇਤਿਹਾਸ ਸੀ। ਜੌਹਲ ਨੂੰ ਮਈ 2018 ਵਿੱਚ ਵੀਪੀਡੀ ਅਤੇ ਜੁਆਇੰਟ ਫੋਰਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਨੇ ਗ੍ਰਿਫਤਾਰ ਕੀਤਾ ਸੀ। ਉਸ ‘ਤੇ ਕਤਲ ਦੀ ਸਾਜ਼ਿਸ਼ ਅਤੇ ਹੋਰ ਗੰਭੀਰ ਅਪਰਾਧਾਂ ਦੇ ਦੋਸ਼ ਸਨ। ਵੈਨਕੂਵਰ ਪੁਲਿਸ ਵਿਭਾਗ (VPD) ਨੇ ਰਿਪੋਰਟ ਦਿੱਤੀ ਕਿ ਇਹ ਘਟਨਾ ਇੱਕ ਯੋਜਨਾਬੱਧ ਹਮਲਾ ਸੀ ਅਤੇ ਇਸ ਵਿੱਚ ਕੋਈ ਜਨਤਕ ਖ਼ਤਰਾ ਨਹੀਂ ਹੈ। ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਮਾਮਲੇ ‘ਚ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।