ਜੰਮੂ-ਕਸ਼ਮੀਰ ਦੇ ਕੁਪਵਾੜਾ ‘ਚ ਸ਼ਨੀਵਾਰ ਸਵੇਰੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਹੋਈ। ਇਕ ਜਵਾਨ ਸ਼ਹੀਦ ਹੋ ਗਿਆ, ਜਦਕਿ ਇਕ ਮੇਜਰ ਸਮੇਤ ਚਾਰ ਜਵਾਨ ਜ਼ਖਮੀ ਹੋ ਗਏ। ਇਹ ਮੁਕਾਬਲਾ ਮਾਛਿਲ ਸੈਕਟਰ ਨੇੜੇ ਜੰਗਲੀ ਖੇਤਰ ਵਿੱਚ ਹੋਇਆ। ਮੁਕਾਬਲੇ ਵਿੱਚ ਇੱਕ ਪਾਕਿਸਤਾਨੀ ਅੱਤਵਾਦੀ ਦੇ ਮਾਰੇ ਜਾਣ ਦੀ ਖ਼ਬਰ ਹੈ।
ਨਿਊਜ਼ ਏਜੰਸੀ ਏਐਨਆਈ ਨੇ ਰੱਖਿਆ ਵਿਭਾਗ ਦੇ ਸੂਤਰਾਂ ਦੇ ਹਵਾਲੇ ਤੋਂ ਕਿਹਾ- ਪਾਕਿਸਤਾਨੀ ਬਾਰਡਰ ਐਕਸ਼ਨ ਟੀਮ (ਬੀਏਟੀ) ਦੇ ਹਮਲੇ ਵਿੱਚ ਸ਼ਾਮਲ ਹੋਣ ਦਾ ਸ਼ੱਕ ਹੈ। ਹਮਲੇ ‘ਚ ਅੱਤਵਾਦੀ ਸੰਗਠਨਾਂ ਦੇ ਨਾਲ BAT ਟੀਮ ਦੇ ਆਪਣੇ SSG ਕਮਾਂਡੋ ਅਤੇ ਪਾਕਿਸਤਾਨੀ ਫੌਜ ਦੇ ਜਵਾਨ ਵੀ ਹੋ ਸਕਦੇ ਹਨ।
ਸੁਰੱਖਿਆ ਬਲਾਂ ਨੂੰ ਕੁਪਵਾੜਾ ਦੇ ਕਮਕਰੀ ਇਲਾਕੇ ‘ਚ ਪਾਕਿਸਤਾਨੀ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਤਲਾਸ਼ੀ ਮੁਹਿੰਮ ਦੌਰਾਨ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ। ਹਮਲੇ ਤੋਂ ਬਾਅਦ ਅੱਤਵਾਦੀਆਂ ਦੇ ਜੰਗਲ ‘ਚ ਭੱਜਣ ਦੀ ਸੰਭਾਵਨਾ ਹੈ। ਸੁਰੱਖਿਆ ਬਲ ਜੰਗਲ ‘ਚ ਤਲਾਸ਼ੀ ਮੁਹਿੰਮ ਚਲਾ ਰਹੇ ਹਨ।
ਇਹ ਹਮਲਾ ਕਾਰਗਿਲ ਵਿਜੇ ਦਿਵਸ ਦੀ 25ਵੀਂ ਵਰ੍ਹੇਗੰਢ ਤੋਂ ਇਕ ਦਿਨ ਬਾਅਦ ਹੋਇਆ ਹੈ। 26 ਜੁਲਾਈ ਨੂੰ ਪੀਐਮ ਮੋਦੀ ਨੇ ਕਾਰਗਿਲ ਤੋਂ ਪਾਕਿਸਤਾਨ ਨੂੰ ਸਖ਼ਤ ਚੇਤਾਵਨੀ ਦਿੱਤੀ ਸੀ ਅਤੇ ਕਿਹਾ ਸੀ- ਭਾਰਤੀ ਸੈਨਾ ਅੱਤਵਾਦ ਨੂੰ ਕੁਚਲ ਦੇਵੇਗੀ ਅਤੇ ਦੁਸ਼ਮਣ ਦੇ ਇਰਾਦਿਆਂ ਦਾ ਮੂੰਹਤੋੜ ਜਵਾਬ ਦੇਵੇਗੀ।