ਬੈਂਕ ਆਫ ਕੈਨੇਡਾ ਨੇ ਲਗਾਤਾਰ ਦੂਜੀ ਵਾਰ ਆਪਣੀ ਨੀਤੀਗਤ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਹੈ ਅਤੇ ਸੰਕੇਤ ਦਿੱਤਾ ਹੈ ਕਿ ਜੇਕਰ ਮਹਿੰਗਾਈ ਇਸੇ ਤਰ੍ਹਾਂ ਘਟਦੀ ਰਹਿੰਦੀ ਹੈ ਤਾਂ ਹੋਰ ਕਟੌਤੀਆਂ ਹੋ ਸਕਦੀਆਂ ਹਨ। ਦੱਸਦਈਏ ਕਿ ਇਸ ਵਾਰ 25 ਆਧਾਰ ਅੰਕਾਂ ਦੀ ਕਟੌਤੀ ਰਾਤੋ ਰਾਤ ਦੀ ਦਰ ਨੂੰ 4.5 ਫੀਸਦੀ ‘ਤੇ ਲੈ ਆਈ ਹੈ, ਜੋ ਜੂਨ 2023 ਤੋਂ ਬਾਅਦ ਦੇ ਪੱਧਰ ‘ਤੇ ਵਾਪਸ ਨਹੀਂ ਆਈ ਸੀ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ 5 ਫੀਸਦੀ ਤੋਂ 4.75 ਫੀਸਦੀ ਤੱਕ ਦੀ ਕਟੌਤੀ ਚਾਰ ਸਾਲਾਂ ਤੋਂ ਵੱਧ ਸਮੇਂ ਵਿੱਚ ਪਹਿਲੀ ਕਟੌਤੀ ਸੀ। ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲਮ ਨੇ ਕਿਹਾ ਕਿ ਇਹ ਫੈਸਲਾ ਲੇਬਰ ਮਾਰਕੀਟ ਵਿੱਚ ਢਿੱਲ, ਆਰਥਿਕਤਾ ਵਿੱਚ ਵਾਧੂ ਸਪਲਾਈ ਅਤੇ ਮਹਿੰਗਾਈ ਵਿੱਚ ਲਗਾਤਾਰ ਗਿਰਾਵਟ ਨੂੰ ਦਰਸਾਉਣ ਵਾਲੇ ਆਰਥਿਕ ਅੰਕੜਿਆਂ ‘ਤੇ ਅਧਾਰਤ ਹੈ। ਕਾਬਿਲੇਗੌਰ ਹੈ ਕਿ ਜਦੋਂ ਤੋਂ ਬੈਂਕ ਆਫ ਕੈਨੇਡਾ ਨੇ ਮਾਰਚ 2022 ਵਿੱਚ ਦਰਾਂ ਵਧਾਉਣੀਆਂ ਸ਼ੁਰੂ ਕੀਤੀਆਂ ਸੀ, ਉਦੋਂ ਤੋਂ ਮਈ ਵਿੱਚ ਮਾਮੂਲੀ ਵਾਧੇ ਤੋਂ ਬਾਅਦ ਮਹਿੰਗਾਈ ਜੂਨ 2022 ਵਿੱਚ 8.1 ਫੀਸਦੀ ਦੇ ਸਿਖਰ ਤੋਂ ਘਟ ਕੇ ਜੂਨ 2024 ਵਿੱਚ 2.7 ਫੀਸਦੀ ਹੋ ਗਈ। ਜੇਕਰ ਇਨਫਲੇਸ਼ਨ ਉਮੀਦ ਅਨੁਸਾਰ ਘੱਟਦੀ ਰਹਿੰਦੀ ਹੈ, ਤਾਂ ਮੈਕਲਮ ਨੇ ਸੰਕੇਤ ਦਿੱਤਾ ਹੈ ਕਿ ਕੈਨੇਡੀਅਨ ਹੋਰ ਦਰਾਂ ਵਿੱਚ ਕਟੌਤੀ ਦੀ ਉਮੀਦ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਫੈਸਲੇ ਇਕ ਵਾਰ ਵਿਚ ਲਏ ਜਾਣਗੇ। ਦੱਸਦਈਏ ਕਿ ਬਹੁਤ ਸਾਰੇ ਅਰਥ ਸ਼ਾਸਤਰੀਆਂ ਅਤੇ ਵੱਡੇ ਬੈਂਕਾਂ ਦਾ ਮੰਨਣਾ ਹੈ ਕਿ ਬੈਂਕ ਆਫ ਕੈਨੇਡਾ 2024 ਦੇ ਅੰਤ ਤੱਕ ਚਾਰ ਵਾਰ ਦਰਾਂ ਵਿੱਚ ਕਟੌਤੀ ਕਰ ਸਕਦਾ ਹੈ। ਇਹਨਾਂ ਕਟੌਤੀਆਂ ਦੀ ਗਤੀ ਸੰਭਾਵਤ ਤੌਰ ‘ਤੇ ਇਸ ਗੱਲ ‘ਤੇ ਨਿਰਭਰ ਕਰੇਗੀ ਕਿ ਬੈਂਕ ਆਫ਼ ਇੰਗਲੈਂਡ ਅਤੇ ਯੂ.ਐਸ ਫੈਡਰਲ ਰਿਜ਼ਰਵ ਦਰਾਂ ਵਿੱਚ ਕਿੰਨੀ ਤੇਜ਼ੀ ਨਾਲ ਕਟੌਤੀ ਕਰਦਾ ਹੈ।