ਜੰਮੂ-ਕਸ਼ਮੀਰ ਦੇ ਕਠੂਆ ਜ਼ਿਲੇ ‘ਚ ਸੋਮਵਾਰ (8 ਜੁਲਾਈ) ਨੂੰ ਹੋਏ ਅੱਤਵਾਦੀ ਹਮਲੇ ‘ਚ ਇਕ ਜੂਨੀਅਰ ਕਮਿਸ਼ਨਡ ਅਫਸਰ (ਜੇਸੀਓ) ਸਮੇਤ ਪੰਜ ਜਵਾਨ ਸ਼ਹੀਦ ਹੋ ਗਏ। ਹਮਲੇ ‘ਚ ਜ਼ਖਮੀ ਹੋਏ ਪੰਜ ਜਵਾਨਾਂ ਨੂੰ ਕਠੂਆ ਦੇ ਬਿਲਵਰ ਕਮਿਊਨਿਟੀ ਹੈਲਥ ਸੈਂਟਰ ਤੋਂ ਦੇਰ ਰਾਤ ਪਠਾਨਕੋਟ ਮਿਲਟਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਫੌਜ ਦੇ ਸੂਤਰਾਂ ਮੁਤਾਬਕ ਕਠੂਆ ਤੋਂ ਕਰੀਬ 123 ਕਿਲੋਮੀਟਰ ਦੂਰ ਲੋਹਾਈ ਮਲਹਾਰ ਬਲਾਕ ਦੇ ਮਛੇੜੀ ਇਲਾਕੇ ਦੇ ਬਦਨੋਟਾ ਵਿਖੇ ਦੁਪਹਿਰ 3.30 ਵਜੇ ਸੁਰੱਖਿਆ ਬਲ ਪਹਾੜੀ ਖੇਤਰ ‘ਚ ਗਸ਼ਤ ਲਈ ਨਿਕਲੇ ਸਨ। ਸੜਕ ਕੱਚੀ ਸੀ ਅਤੇ ਕਾਰ ਦੀ ਰਫ਼ਤਾਰ ਵੀ ਧੀਮੀ ਸੀ। ਇਕ ਪਾਸੇ ਉੱਚੀ ਪਹਾੜੀ ਸੀ ਅਤੇ ਦੂਜੇ ਪਾਸੇ ਖਾਈ ਸੀ।
ਅੱਤਵਾਦੀਆਂ ਨੇ ਪਹਾੜੀ ਤੋਂ ਘਾਤ ਲਗਾ ਕੇ ਪਹਿਲਾਂ ਫੌਜ ਦੇ ਟਰੱਕ ‘ਤੇ ਗ੍ਰੇਨੇਡ ਸੁੱਟਿਆ ਅਤੇ ਫਿਰ ਸਨਾਈਪਰ ਗਨ ਨਾਲ ਗੋਲੀਬਾਰੀ ਕੀਤੀ। ਫੌਜ ਨੇ ਵੀ ਜਵਾਬੀ ਗੋਲੀਬਾਰੀ ਕੀਤੀ ਪਰ ਅੱਤਵਾਦੀ ਜੰਗਲ ਵਿੱਚ ਭੱਜ ਗਏ। ਫਿਲਹਾਲ ਫੌਜ ਅੱਤਵਾਦੀਆਂ ਦੀ ਤਲਾਸ਼ ‘ਚ ਹੈਲੀਕਾਪਟਰ, ਸਨਿਫਰ ਡਾਗ, ਯੂਏਵੀ ਅਤੇ ਮੈਟਲ ਡਿਟੈਕਟਰ ਦੀ ਮਦਦ ਲੈ ਰਹੀ ਹੈ।
ਨਿਊਜ਼ ਏਜੰਸੀ ਏਐਨਆਈ ਮੁਤਾਬਕ ਹਮਲੇ ਵਿੱਚ 3 ਤੋਂ 4 ਅੱਤਵਾਦੀਆਂ ਦੀ ਸ਼ਮੂਲੀਅਤ ਸਾਹਮਣੇ ਆ ਰਹੀ ਹੈ। ਉਹ ਆਧੁਨਿਕ ਹਥਿਆਰਾਂ ਨਾਲ ਲੈਸ ਹਨ। ਇਨ੍ਹਾਂ ਅੱਤਵਾਦੀਆਂ ਨੇ ਹਾਲ ਹੀ ‘ਚ ਸਰਹੱਦ ਪਾਰ ਤੋਂ ਘੁਸਪੈਠ ਕੀਤੀ ਹੈ। ਰਿਪੋਰਟਾਂ ਮੁਤਾਬਕ ਸਥਾਨਕ ਗਾਈਡਾਂ ਨੇ ਵੀ ਹਮਲੇ ‘ਚ ਅੱਤਵਾਦੀਆਂ ਦੀ ਮਦਦ ਕੀਤੀ ਸੀ। ਉਨ੍ਹਾਂ ਨੇ ਹਮਲੇ ਤੋਂ ਬਾਅਦ ਅੱਤਵਾਦੀਆਂ ਨੂੰ ਭੋਜਨ ਅਤੇ ਲੁਕਣ ਲਈ ਵੀ ਮਦਦ ਕੀਤੀ।