ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਸ਼ੁੱਕਰਵਾਰ ਨੂੰ ਹੋਏ ਜਾਨਲੇਵਾ ਹਮਲੇ ‘ਚ ਜ਼ਖਮੀ ਹੋਏ ਸ਼ਿਵ ਸੈਨਾ ਪੰਜਾਬ ਦੇ ਨੇਤਾ ਸੰਦੀਪ ਥਾਪਰ ਗੋਰਾ ਨੂੰ ਮਿਲਣ ਹਸਪਤਾਲ ਪਹੁੰਚੇ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਸਹਿਣਸ਼ੀਲਤਾ ਵਧ ਰਹੀ ਹੈ। ਸਰਕਾਰ ਕਾਨੂੰਨ ਵਿਵਸਥਾ ਨੂੰ ਸੰਭਾਲਣ ਦੇ ਸਮਰੱਥ ਨਹੀਂ ਹੈ।
ਕੱਟੜਪੰਥੀਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਸ਼ਿਵ ਸੈਨਾ ਪੰਜਾਬ ਦੇ ਆਗੂ ਸੰਦੀਪ ਥਾਪਰ ਗੋਰਾ ‘ਤੇ ਸ਼ੁੱਕਰਵਾਰ ਸਵੇਰੇ ਨਿਹੰਗਾਂ ਦੇ ਸਮੂਹ ਦੇ ਤਿੰਨ ਨੌਜਵਾਨਾਂ ਨੇ ਸੜਕ ਦੇ ਵਿਚਕਾਰ ਤਲਵਾਰਾਂ ਨਾਲ ਬੇਰਹਿਮੀ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਉਸ ਦੇ ਸਿਰ, ਗਰਦਨ, ਮੋਢੇ ਅਤੇ ਹੱਥਾਂ ‘ਤੇ ਤਲਵਾਰਾਂ ਨਾਲ 12 ਵਾਰ ਕੀਤੇ। ਘਟਨਾ ਸਮੇਂ ਗੋਰਾ ਦਾ ਸੁਰੱਖਿਆ ਗਾਰਡ ਵੀ ਉਸ ਦੇ ਨਾਲ ਸੀ ਪਰ ਉਹ ਵੀ ਹਮਲਾਵਰਾਂ ਦੇ ਸਾਹਮਣੇ ਕੁਝ ਨਾ ਕਰ ਸਕਿਆ।
ਇਸ ਤੋਂ ਬਾਅਦ ਹਮਲਾਵਰ ਗੋਰਾ ਦੀ ਐਕਟਿਵਾ ‘ਤੇ ਫ਼ਰਾਰ ਹੋ ਗਏ। ਸੜਕ ਤੋਂ ਲੰਘਣ ਵਾਲੇ ਲੋਕ ਹਮਲੇ ਨੂੰ ਦੇਖਦੇ ਰਹੇ ਪਰ ਕਿਸੇ ਨੇ ਵੀ ਗੋਰਾ ਨੂੰ ਬਚਾਉਣ ਦੀ ਹਿੰਮਤ ਨਹੀਂ ਜਤਾਈ। ਮੁਲਜ਼ਮਾਂ ਨੂੰ ਕੁਝ ਘੰਟਿਆਂ ਬਾਅਦ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ, ਜਦੋਂਕਿ ਇੱਕ ਮੁਲਜ਼ਮ ਹਾਲੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਦੋਵਾਂ ਮੁਲਜ਼ਮਾਂ ਦੀ ਪਛਾਣ ਸਰਬਜੀਤ ਸਿੰਘ ਸਾਬਾ ਅਤੇ ਹਰਜੋਤ ਸਿੰਘ ਜੋਤ ਵਾਸੀ ਮੁਹੱਲਾ ਕੰਪਨੀ ਬਾਗ ਇਲਾਕਾ ਦਿੜ੍ਹਬਾ ਰੋਡ, ਲੁਧਿਆਣਾ ਵਜੋਂ ਹੋਈ ਹੈ, ਜਦਕਿ ਤੀਜਾ ਸਾਥੀ ਟਹਿਲ ਸਿੰਘ ਅਜੇ ਫਰਾਰ ਹੈ।