ਜਲੰਧਰ : ਥਾਣਾ ਨੰਬਰ 6 ਦੀ ਹੱਦ ਵਿੱਚ ਪੈਂਦੇ ਮਾਡਲ ਟਾਊਨ ਵਿੱਚ ਇੱਕ ਨੌਜਵਾਨ ਨੂੰ ਉਸਦੀ ਮਾਂ ਵੱਲੋਂ ਪਬਜੀ ਖੇਡਣ ਤੋਂ ਮਨਾ ਕੀਤਾ ਗਿਆ ਤਾਂ ਉਸਨੇ ਕਮਰੇ ਵਿੱਚ ਜਾ ਕੇ ਖੁਦਕੁਸ਼ੀ ਕਰ ਲਈ ।
ਜਾਣਕਾਰੀ ਅਨੁਸਾਰ ਕਰਨ ਵੀਰ ਸਿੰਘ ਵਾਸੀ ਮਾਡਲ ਟਾਊਨ ਜੋ ਕਿ 12,ਵੀਂ ਕਲਾਸ ਵਿੱਚ ਪੜ੍ਹਦਾ ਸੀ। ਸ਼ਨੀਵਾਰ ਸਵੇਰੇ ਆਪਣੇ ਘਰ ਵਿੱਚ ਪਬਜੀ ਗੇਮ ਖੇਡ ਰਿਹਾ ਸੀ ।ਜਦ ਉਸ ਦੀ ਮਾਂ ਨੇ ਗੇਮ ਖੇਡਣ ਤੋਂ ਮਨਾ ਕੀਤਾ ਤਾਂ ਉਹ ਗੁੱਸੇ ਵਿੱਚ ਉੱਠ ਕੇ ਕਮਰੇ ਵਿੱਚ ਚਲਾ ਗਿਆ ਅਤੇ ਫਾਹਾ ਲਾ ਕੇ ਆਪਣੀ ਜਾਨ ਦੇ ਦਿੱਤੀ । ਜਦ ਘਰਦਿਆਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਕਰਨਵੀਰ ਨੂੰ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ।
ਮ੍ਰਿਤਕ ਦੀ ਪਛਾਣ 18 ਸਾਲਾ ਕਰਨਵੀਰ ਸਿੰਘ ਪੁੱਤਰ ਰਾਮ ਚੰਦਰ ਵਜੋਂ ਹੋਈ ਹੈ।ਮਾਡਲ ਟਾਊਨ ਵਿੱਚ ਇੱਕ ਐਨਆਰਆਈ ਦੇ ਘਰ ਵਿੱਚ ਕੇਅਰਟੇਕਰ ਵਜੋਂ ਰਹਿ ਰਹੇ ਰਾਮ ਚੰਦਰ ਨੇ ਦੱਸਿਆ ਕਿ ਉਹ ਜੋਲੇਟੋ ਹੈਂਡ ਟੂਲ ਕੰਪਨੀ ਵਿੱਚ ਸੀਨੀਅਰ ਲਾਈਨ ਮੈਨ ਹੈ। ਉਸ ਨੇ ਦੱਸਿਆ ਕਿ ਕਰੀਬ ਇੱਕ ਸਾਲ ਪਹਿਲਾਂ ਉਸ ਦਾ ਲੜਕਾ ਪੇਟ ਵਿੱਚ ਦਰਦ ਹੋਣ ਕਾਰਨ ਸਕੂਲ ਤੋਂ ਘਰ ਆਇਆ ਸੀ। ਕਾਫੀ ਪ੍ਰੇਸ਼ਾਨੀ ਹੋਈ ਜਿਸ ਕਾਰਨ ਉਹ ਸਾਰਾ ਸਾਲ ਪੜ੍ਹਾਈ ਨਾ ਕਰ ਸਕਿਆ ਅਤੇ ਘਰ ਹੀ ਰਿਹਾ ਜਦੋਂ ਕਿ ਉਸ ਦੇ ਦੋ ਹੋਰ ਲੜਕੇ ਸਕੂਲ ਗਏ।
ਉਸ ਦਾ ਲੜਕਾ ਸਾਰਾ ਦਿਨ ਘਰ ਵਿਚ ਮੋਬਾਈਲ ਦੀ ਵਰਤੋਂ ਕਰਦਾ ਸੀ। ਸ਼ਨੀਵਾਰ ਸਵੇਰੇ ਬੇਟਾ ਮੋਬਾਈਲ ‘ਤੇ ਗੇਮ ਖੇਡ ਰਿਹਾ ਸੀ, ਜਿਸ ਤੋਂ ਬਾਅਦ ਪਤਨੀ ਨੇ ਉਸ ਨੂੰ ਗੇਮ ਖੇਡਣ ਤੋਂ ਰੋਕਦੇ ਹੋਏ ਝਿੜਕਿਆ। ਇਸ ਤੋਂ ਗੁੱਸੇ ‘ਚ ਆ ਕੇ ਬੇਟੇ ਨੇ ਕਮਰੇ ‘ਚ ਜਾ ਕੇ ਪੱਖੇ ਨਾਲ ਫਾਹਾ ਲੈ ਲਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ 6 ਦੇ ਇੰਚਾਰਜ ਸਾਹਿਲ ਚੌਧਰੀ ਨੇ ਦੱਸਿਆ ਕਿ ਰਿਸ਼ਤੇਦਾਰਾਂ ਦੇ ਬਿਆਨਾਂ ‘ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।