ਅੰਮ੍ਰਿਤਸਰ: ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਇੱਕ ਲੜਕੀ ਵੱਲੋਂ ਯੋਗਾ ਕੀਤਾ ਗਿਆ, ਉਸ ਦੀਆਂ ਤਸਵੀਰਾਂ ਵਾਇਰਲ ਹੋਣ ‘ਤੇ ਕਈ ਲੋਕਾਂ ਨੇ ਇਤਰਾਜ਼ ਕੀਤਾ। ਉਕਤ ਲੜਕੀ ਅਰਚਨਾ ਮਕਵਾਨਾ ਨੇ ਸੋਸ਼ਲ ਮੀਡੀਆ ਰਾਹੀਂ ਇਸ ਸਬੰਧੀ ਮੁਆਫੀ ਵੀ ਮੰਗੀ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਖ਼ਿਲਾਫ਼ ਪੁਲੀਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਸੀ। ਇਸ ਸ਼ਿਕਾਇਤ ਦੇ ਆਧਾਰ ’ਤੇ ਅੰਮ੍ਰਿਤਸਰ ਪੁਲੀਸ ਨੇ ਅਰਚਨਾ ਮਕਵਾਨਾ ਖ਼ਿਲਾਫ਼ 295ਏ ਤਹਿਤ ਕੇਸ ਦਰਜ ਕੀਤਾ ਸੀ ਜਦਕਿ ਗੁਜਰਾਤ ਪੁਲੀਸ ਨੇ ਅਰਚਨਾ ਮਕਵਾਨਾ ਨੂੰ ਸੁਰੱਖਿਆ ਮੁਹੱਈਆ ਕਰਵਾਈ ਸੀ।
ਇਸ ਮਾਮਲੇ ‘ਚ ਕੁਝ ਲੋਕ ਕਹਿ ਰਹੇ ਹਨ ਕਿ ਇਹ ਅਣਜਾਣੇ ‘ਚ ਹੋਈ ਗਲਤੀ ਸੀ ਅਤੇ ਅਰਚਨਾ ਮਕਵਾਨਾ ਨੂੰ ਮੁਆਫ ਕਰ ਦਿੱਤਾ ਗਿਆ, ਜਦਕਿ ਕੁਝ ਲੋਕ ਕਹਿ ਰਹੇ ਹਨ ਕਿ ਇਹ ਜਾਣਬੁੱਝ ਕੇ ਕੀਤੀ ਗਈ ਸ਼ਰਾਰਤ ਸੀ। ਇਸ ਦੌਰਾਨ ਅਰਚਨਾ ਮਕਵਾਨਾ ਨੇ ਸੋਸ਼ਲ ਮੀਡੀਆ ‘ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਅਰਚਨਾ ਨੇ ਉਕਤ ਘਟਨਾ ਤੋਂ ਇੱਕ ਦਿਨ ਪਹਿਲਾਂ 20 ਜੂਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਵਿੱਚ ਉਹ ਪੰਜਾਬੀ ਪਹਿਰਾਵੇ ਵਿੱਚ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਫ਼ਾਈ ਸੇਵਾ ਵੀ ਕੀਤੀ ਅਤੇ ਲੰਗਰ ਦੀ ਸੇਵਾ ਵੀ ਕੀਤੀ।
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਰਚਨਾ ਨੇ ਲਿਖਿਆ, “20 ਜੂਨ 2024 ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਿਆ ਅਤੇ ਅਸ਼ੀਰਵਾਦ ਲਿਆ। ਵਾਹਿਗੁਰੂ ਜੀ, ਇਸ ਪਵਿੱਤਰ ਦਾਤ ਲਈ ਪਰਮਾਤਮਾ ਦਾ ਸ਼ੁਕਰਾਨਾ, ਸਦਾ ਲਈ ਸ਼ੁਕਰਗੁਜ਼ਾਰ।”
ਉਹ ਕੁਝ ਤਸਵੀਰਾਂ ਸ਼ੇਅਰ ਕਰਨ ਵਾਲੀ ਨਹੀਂ ਸੀ ਪਰ ਜਦੋਂ ਤੋਂ ਉਸ ਦੇ ਇਰਾਦਿਆਂ ‘ਤੇ ਸਵਾਲ ਉਠਾਏ ਜਾ ਰਹੇ ਸਨ, ਉਸ ਨੇ ਆਪਣੇ ਬਚਾਅ ‘ਚ ਇਹ ਤਸਵੀਰਾਂ ਸ਼ੇਅਰ ਕੀਤੀਆਂ। ਵਾਹਿਗੁਰੂ ਜੀ ਸੱਚ ਜਾਣਿਓ, ਇਨਸਾਫ਼ ਕਰੋ।