ਓਟਵਾ, 23 ਜੂਨ, 2024: ਦੀ ਗਲੋਬਲ ਮੇਲ ਮੀਡੀਆ ਅਦਾਰੇ ਨੇ ਖਾਲਿਸਤਾਨੀ ਅਤਿਵਾਦੀ ਹਰਜੀਤ ਸਿੰਘ ਨਿੱਝਰ ਦੇ ਕਤਲ ਦੇ ਇਕ ਸਾਲ ਬਾਅਦ ਉਸਦੇ ਪਿਛੋਕੜ ਦੀ ਪੜਚੋਲ ਕੀਤੀ ਹੈ।
ਆਪਣੀ ਇਕ ਰਿਪੋਰਟ ਵਿਚ ਅਦਾਰੇ ਨੇ ਦੱਸਿਆ ਕਿ ਹਰਜੀਤ ਸਿੰਘ ਨਿੱਝਰ ਭਾਰਤ ਵਿਚਲੇ ਪੰਜਾਬ ਨੂੰ ਖਾਲਿਸਤਾਨ ਬਣਾਉਣ ਵਾਸਤੇ ਹਿੰਸਾ ਦੀ ਵਰਤੋਂ ਦਾ ਹਮਾਇਤੀ ਸੀ। ਅਦਾਰੇ ਨੇ ਉਸਦੀ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਚ ਦਿੱਤੇ ਭਾਸ਼ਣ ਦੀ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ਵਿਚ ਉਸਨੇ ਲੋਕਾਂ ਨੂੰ ਉਸ ਦੇ ਨਾਲ ਲੱਗਣ ਅਤੇ ਖਾਲਿਸਤਾਨ ਦੀ ਸਥਾਪਤੀ ਲਈ ਹਥਿਆਰਬੰਦ ਸੰਘਰਸ਼ ਕਰਨ ਦੀ ਹਮਾਇਤ ਕੀਤੀ ਹੈ।
ਰਿਪੋਰਟ ਮੁਤਾਬਕ ਇਸ ਹਿੰਸਾ ਦੀ ਵਰਤੋਂ ਦਾ ਹਮਾਇਤੀ ਹੋਣ ਕਾਰਣ ਹੀ ਭਾਰਤ ਹਰਜੀਤ ਸਿੰਘ ਨਿੱਝਰ ਨੂੰ ਖਾਲਿਸਤਾਨੀ ਅਤਿਵਾਦੀ ਕਰਾਰ ਦਿੰਦਾ ਹੈ। ਦੂਜੇ ਪਾਸੇ ਕੈਨੇਡਾ ਵੱਲੋਂ ਨਿੱਝਰ ਨੂੰ ਉਸਦੀ ਬਰਸੀ ’ਤੇ ਸੰਸਦ ਵਿਚ ਸ਼ਰਧਾਂਜਲੀ ਦੇਣ ਕਾਰਣ ਮਾਮਲਾ ਦੇਸ਼ ਵਿਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਬੀਤੇ ਕੱਲ੍ਹ ਕੈਨੇਡਾ ਦੀ ਡਿਪਟੀ ਪ੍ਰਾਈਮ ਮਨਿਸਟਰ ਕ੍ਰਿਸਟੀਆ ਫਰੀਲੈਂਡ ਨਿੱਝਰ ਨੂੰ ਸ਼ਰਧਾਂਜਲੀ ਦੇਣ ਬਾਰੇ ਸਵਾਲ ਦਾ ਜਵਾਬ ਨਹੀਂ ਦੇ ਸਕੇ।