ਮਲੇਸ਼ੀਆ ਜਾ ਰਹੇ ਜਹਾਜ਼ ਦੇ ਇੰਜਣ ‘ਚ ਲੱਗੀ ਭਿਆਨਕ ਅੱਗ, 138 ਯਾਤਰੀਆਂ ਦੀ ਜਾਨ ਖ਼ਤਰੇ ‘ਚ ਜਿਸ ਤੋਂ ਬਾਅਦ ਹੈਦਰਾਬਾਦ ਏਅਰਪੋਰਟ ‘ਤੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਵੀਰਵਾਰ ਸਵੇਰੇ ਕਰੀਬ 1.45 ਵਜੇ ਹੋਈ ਐਮਰਜੈਂਸੀ ਲੈਂਡਿੰਗ ਕਾਰਨ ਵੱਡਾ ਹਾਦਸਾ ਟਲ ਗਿਆ। ਲੈਂਡਿੰਗ ਇਸ ਲਈ ਕੀਤੀ ਗਈ ਕਿਉਂਕਿ ਜਹਾਜ਼ ਦੇ ਇੰਜਣ ‘ਚ ਭਿਆਨਕ ਅੱਗ ਲੱਗ ਗਈ ਸੀ, ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਪਾਇਲਟ ਨੇ ਸਿਆਣਪ ਦਿਖਾਉਂਦੇ ਹੋਏ ਏਟੀਸੀ ਅਧਿਕਾਰੀਆਂ ਤੋਂ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਮੰਗੀ ਅਤੇ ਤੁਰੰਤ ਕਾਰਵਾਈ ਕਰਦੇ ਹੋਏ ਹੈਦਰਾਬਾਦ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਰਨਵੇਅ ‘ਤੇ ਫਾਇਰ ਬ੍ਰਿਗੇਡ, ਐਂਬੂਲੈਂਸ, ਸਟਾਫ ਅਤੇ ਸੁਰੱਖਿਆ ਕਰਮਚਾਰੀ ਤਾਇਨਾਤ ਕਰਨ ਦੇ ਆਦੇਸ਼ ਦਿੱਤੇ। ਫਿਰ ਜਿਵੇਂ ਹੀ ਜਹਾਜ਼ ਉਤਰਿਆ, ਇੰਜਣ ਵਿਚ ਲੱਗੀ ਅੱਗ ਬੁਝ ਗਈ।
ਜਹਾਜ਼ ਵਿਚ ਸਵਾਰ ਸਾਰੇ 138 ਲੋਕ ਸੁਰੱਖਿਅਤ ਹਨ, ਜਿਨ੍ਹਾਂ ਵਿਚ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸ਼ਾਮਲ ਹਨ। ਜਹਾਜ਼ ਦੇ ਇੰਜਣ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮਲੇਸ਼ੀਆ ਏਅਰਲਾਈਨਜ਼ ਦੇ MH-199 ਜਹਾਜ਼ ਨੇ ਵੀਰਵਾਰ ਸਵੇਰੇ ਕਰੀਬ ਸਾਢੇ ਤਿੰਨ ਵਜੇ ਉਡਾਣ ਭਰੀ ਸੀ ਅਤੇ ਉਸ ਨੇ ਮਲੇਸ਼ੀਆ ਦੇ ਕੁਆਲਾਲੰਪੁਰ ਤੋਂ ਲੈਂਡ ਕਰਨਾ ਸੀ ਪਰ ਟੇਕਆਫ ਦੇ 14 ਮਿੰਟ ਬਾਅਦ ਹੀ ਜਹਾਜ਼ ਦੇ ਇੰਜਣ ‘ਚ ਅੱਗ ਲੱਗ ਗਈ। ਅੱਗ ਤਕਨੀਕੀ ਖਰਾਬੀ ਕਾਰਨ ਲੱਗੀ।