ਇਨ੍ਹੀਂ ਦਿਨੀਂ ਰਾਜਧਾਨੀ ਸਮੇਤ ਦੇਸ਼ ਦੇ ਕਈ ਸੂਬਿਆਂ ‘ਚ ਕਹਿਰ ਦੀ ਗਰਮੀ ਨੇ ਤਬਾਹੀ ਮਚਾਈ ਹੋਈ ਹੈ। ਦਿੱਲੀ ਵਿੱਚ ਗਰਮੀ ਜਾਨਲੇਵਾ ਹੁੰਦੀ ਜਾ ਰਹੀ ਹੈ। ਲੋਕ ਹੀਟ ਸਟ੍ਰੋਕ ਦਾ ਸ਼ਿਕਾਰ ਹੋ ਰਹੇ ਹਨ। ਪਿਛਲੇ 24 ਘੰਟਿਆਂ ‘ਚ 33 ਮਰੀਜ਼ਾਂ ਨੂੰ ਤੇਜ਼ ਗਰਮੀ ਕਾਰਨ ਸਫਦਰਜੰਗ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਗਰਮੀ ਦੇ ਕਹਿਰ ਕਾਰਨ ਹਸਪਤਾਲਾਂ ਵਿੱਚ ਪਹਿਲਾਂ ਤੋਂ ਦਾਖ਼ਲ ਅਤੇ ਨਵੇਂ ਮਰੀਜ਼ਾਂ ਸਮੇਤ ਕਰੀਬ 13 ਮਰੀਜ਼ਾਂ ਦੀ ਮੌਤ ਹੋ ਗਈ। ਦੂਜੇ ਪਾਸੇ ਸੈਂਟਰ ਫਾਰ ਹੋਲਿਸਟਿਕ ਡਿਵੈਲਪਮੈਂਟ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ 11 ਤੋਂ 19 ਜੂਨ ਤੱਕ ਦਿੱਲੀ ਵਿੱਚ 192 ਬੇਘਰ ਲੋਕਾਂ ਦੀ ਗਰਮੀ ਕਾਰਨ ਮੌਤ ਹੋ ਗਈ।
ਇੱਕ ਦਿਨ ਵਿੱਚ 142 ਲਾਸ਼ਾਂ ਦਾ ਸਸਕਾਰ
ਦਿੱਲੀ ਵਿੱਚ ਮੌਤਾਂ ਦੀ ਗਿਣਤੀ ਡਰਾਉਣੀ ਹੈ। ਦਿੱਲੀ ਨਿਗਮਬੋਧ ਘਾਟ ‘ਤੇ ਲਾਸ਼ਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਇਨ੍ਹੀਂ ਦਿਨੀਂ ਦਿੱਲੀ ‘ਚ ਕੋਰੋਨਾ ਮਹਾਮਾਰੀ ਤੋਂ ਬਾਅਦ ਹਾਲਾਤ ਖਰਾਬ ਹਨ। ਬੁੱਧਵਾਰ ਨੂੰ ਨਿਗਮ ਬੋਧ ਘਾਟ ‘ਤੇ ਕੋਰੋਨਾ ਤੋਂ ਬਾਅਦ ਸਭ ਤੋਂ ਵੱਧ ਸਸਕਾਰ ਕੀਤੇ ਗਏ। ਬੀਤੀ ਰਾਤ 12 ਵਜੇ ਤੱਕ 142 ਲਾਸ਼ਾਂ ਦਾ ਸਸਕਾਰ ਕੀਤਾ ਜਾ ਚੁੱਕਾ ਹੈ। ਇਸ ਸਾਲ ਜੂਨ ਮਹੀਨੇ ‘ਚ ਹੁਣ ਤੱਕ ਦਿੱਲੀ ਦੇ ਨਿਗਮ ਬੋਧ ਘਾਟ ‘ਤੇ 1101 ਲਾਸ਼ਾਂ ਦਾ ਸਸਕਾਰ ਕੀਤਾ ਜਾ ਚੁੱਕਾ ਹੈ।