ਕੁਵੈਤ ਦੇ ਮੰਗਾਫ ਇਲਾਕੇ ‘ਚ 12 ਜੂਨ ਨੂੰ ਇਕ ਇਮਾਰਤ ‘ਚ ਲੱਗੀ ਭਿਆਨਕ ਅੱਗ ‘ਚ 50 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ਵਿੱਚ ਜ਼ਿਆਦਾਤਰ ਭਾਰਤੀ ਮਜ਼ਦੂਰ ਸ਼ਾਮਲ ਹਨ। ਇਸ ਹਾਦਸੇ ‘ਚ ਮਾਰੇ ਗਏ ਸਾਰੇ 45 ਭਾਰਤੀਆਂ ਦੀਆਂ ਲਾਸ਼ਾਂ ਨੂੰ ਏਅਰਫੋਰਸ ਦੇ ਸੀ30ਜੇ ਜਹਾਜ਼ ਰਾਹੀਂ ਕੇਰਲ ਦੇ ਕੋਚੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਲਿਆਂਦਾ ਗਿਆ। ਜਿੱਥੇ ਕੇਂਦਰੀ ਮੰਤਰੀ ਸੁਰੇਸ਼ ਗੋਪੀ, ਕੇਰਲ ਦੇ ਸੀਐਮ ਪਿਨਰਾਈ ਵਿਜਯਨ ਦੇ ਨਾਲ-ਨਾਲ ਰਾਜ ਸਰਕਾਰ ਦੇ ਮੰਤਰੀਆਂ ਨੇ ਸਾਰੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਮਰਨ ਵਾਲੇ ਭਾਰਤੀ ਮਜ਼ਦੂਰਾਂ ਵਿੱਚ ਜ਼ਿਆਦਾਤਰ (23) ਕੇਰਲ ਦੇ ਸਨ।
ਇਹ ਦੇਸ਼ ਲਈ ਵੱਡੀ ਤਬਾਹੀ ਹੈ- ਵਿਜਯਨ
ਕੇਰਲ ਦੇ ਕੋਚੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ 31 ਮ੍ਰਿਤਕ ਭਾਰਤੀਆਂ ਦੀਆਂ ਲਾਸ਼ਾਂ ਉਤਾਰੀਆਂ ਗਈਆਂ, ਜਿਨ੍ਹਾਂ ‘ਚ ਕੇਰਲ ਦੇ 23, ਤਾਮਿਲਨਾਡੂ ਦੇ 7 ਅਤੇ ਕਰਨਾਟਕ ਦੇ ਇਕ ਵਿਅਕਤੀ ਸ਼ਾਮਲ ਹਨ। ਏਅਰਪੋਰਟ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੇਰਲ ਦੇ ਸੀਐਮ ਪਿਨਾਰਈ ਵਿਜਯਨ ਨੇ ਕਿਹਾ ਕਿ ਇਹ ਸਭ ਕੇਰਲ ਦੀ ਜੀਵਨ ਰੇਖਾ ਸਨ, ਇੰਨੀ ਵੱਡੀ ਗਿਣਤੀ ਵਿੱਚ ਭਾਰਤੀਆਂ ਦਾ ਅੱਗ ਵਿੱਚ ਮਰਨਾ ਦੇਸ਼ ਲਈ ਇੱਕ ਵੱਡੀ ਤਬਾਹੀ ਹੈ।