ਜੂਨ ਮਹੀਨੇ ਵਿੱਚ ਵੀ ਗਰਮੀ ਨੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। ਪੰਜਾਬ ‘ਚ ਹੀਟ ਵੇਵ ਕਾਰਨ ਬੁੱਧਵਾਰ ਨੂੰ ਪਾਰਾ 47.5 ਡਿਗਰੀ ਤੱਕ ਪਹੁੰਚ ਗਿਆ। ਤਾਪਮਾਨ ‘ਚ 1 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ, ਜਿਸ ਕਾਰਨ ਇਹ ਹੁਣ ਆਮ ਨਾਲੋਂ 6.5 ਡਿਗਰੀ ਵੱਧ ਪਹੁੰਚ ਗਿਆ ਹੈ।
ਅੰਮ੍ਰਿਤਸਰ, ਪਠਾਨਕੋਟ, ਪਟਿਆਲਾ, ਬਠਿੰਡਾ ਅਤੇ ਗੁਰਦਾਸਪੁਰ ਵਿੱਚ ਗਰਮੀ ਦਾ ਕਹਿਰ ਜ਼ਿਆਦਾ ਰਿਹਾ। ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਲਈ ਹੀਟ ਵੇਵ ਅਲਰਟ ਵੀ ਜਾਰੀ ਕੀਤਾ ਹੈ। ਹਾਲਾਂਕਿ, ਸ਼ੁੱਕਰਵਾਰ ਨੂੰ ਇੱਕ ਨਵੀਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ, ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।
ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਏ.ਕੇ.ਸਿੰਘ ਮੁਤਾਬਕ ਇਹ ਪੱਛਮੀ ਗੜਬੜ ਬਹੁਤ ਕਮਜ਼ੋਰ ਹੈ, ਜਿਸ ਕਾਰਨ ਸ਼ੁੱਕਰਵਾਰ ਨੂੰ ਪਹਾੜਾਂ ਦੇ ਨਾਲ ਲੱਗਦੇ ਇਲਾਕਿਆਂ ‘ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਤਾਪਮਾਨ ‘ਤੇ ਕੋਈ ਅਸਰ ਦਿਖਾਈ ਨਹੀਂ ਦੇਵੇਗਾ।